ਭਾਰਤ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਭਾਰਤ ਵਿੱਚ ਅੱਜ ਬੁੱਧਵਾਰ ਸਾਢੇ 3 ਲੱਖ ਤੋਂ ਵੱਧ ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੁੱਲ 3,60,960 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ ਇਸ ਦੌਰਾਨ 3,293 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਕਾਰਨ ਭਾਰਤ ਵਿੱਚ ਕੋਰੋਨਾ ਦੇ ਵਧਦੇ ਸੰਕਟ ਦੇ ਮੱਦੇਨਜ਼ਰ ਕਈ ਦੇਸ਼ਾਂ ਵੱਲੋਂ ਮਦਦ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸੇ ਵਿਚਾਲੇ ਹੁਣ ਕੈਨੇਡਾ ਸਰਕਾਰ ਨੇ ਭਾਰਤ ਵਿੱਚ ਕੋਵਿਡ-19 ਦੀ ਖਰਾਬ ਸਥਿਤੀ ਦੇ ਮੱਦੇਨਜ਼ਰ ਭਾਰਤ ਨੂੰ 10 ਮਿਲੀਅਨ ਕੈਨੇਡੀਅਨ ਡਾਲਰ (ਲਗਭਗ 60 ਕਰੋੜ ਰੁਪਏ) ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ।
ਇਸ ਸਬੰਧੀ ਕੈਨੇਡੀਅਨ ਮੰਤਰੀ ਵੱਲੋਂ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ। ਕਰੀਨਾ ਗੋਲਡ ਨੇ ਟਵੀਟ ਕਰਦਿਆਂ ਦੱਸਿਆ ਕਿ ਅਸੀਂ @redcrosscanada ਵੱਲੋਂ @IndianRedCross ਨੂੰ 10 ਮਿਲੀਅਨ ਡਾਲਰ ਭਾਰਤ ਨੂੰ ਮੁਹੱਈਆ ਕਰਵਾ ਰਹੇ ਹਾਂ ਤਾਂ ਜੋ ਉਹ ਕੋਰੋਨਾ ਦਾ ਮੁਕਾਬਲਾ ਕਰ ਸਕੇ ।
ਇਸ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਟਵੀਟ ਨੂੰ ਰੀਟਵੀਟ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਨੇ ਕੈਪਸ਼ਨ ਨਾਲ ਲਿਖਿਆ,” ਇਸ ਸਮੇਂ ਭਾਰਤ ਦੇ ਲੋਕ ਦੁਖਦਾਈ ਸਥਿਤੀ ਦਾ ਸਾਹਮਣਾ ਕਰ ਰਹੇ ਹਨ । ਐਂਬੂਲੈਂਸ ਸੇਵਾਵਾਂ ਤੋਂ ਲੈ ਕੇ ਨਿੱਜੀ ਸੁਰੱਖਿਆ ਉਪਕਰਣਾਂ ਦੀ ਖਰੀਦ ਲਈ ਹਰ ਚੀਜ਼ ਦੀ ਸਹਾਇਤਾ ਲਈ ਅਸੀਂ 10 ਮਿਲੀਅਨ ਡਾਲਰ ਦਾ ਯੋਗਦਾਨ ਦੇ ਰਹੇ ਹਾਂ।ਇਸ ਤੋਂ ਪਹਿਲਾਂ ਦੂਜੇ ਦੇਸ਼ਾਂ ਨੇ ਵੀ ਭਾਰਤ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ । ਅਮਰੀਕਾ, ਫਰਾਂਸ, ਸਾਊiਦੀ ਅਰਬ ਸਮੇਤ ਕਈ ਦੇਸ਼ ਹਨ, ਜੋ ਅੱਗੇ ਆ ਕੇ ਭਾਰਤ ਦੀ ਮਦਦ ਕਰ ਰਹੇ ਹਨ। ਉੱਥੇ ਹੀ ਅੱਜ ਸਿੰਗਾਪੁਰ ਤੋਂ 256 ਆਕਸੀਜਨ ਸਿਲੰਡਰ ਭਾਰਤ ਆ ਰਹੇ ਹਨ । ਸਿੰਗਾਪੁਰ ਦੇ ਮੰਤਰੀ ਮਲਕੀ ਓਸਮਾਨ ਨੇ ਸਵੇਰੇ ਏਅਰ ਫੋਰਸ ਦੇ ਸੀ-130 ਜਹਾਜ਼ ਨੂੰ ਹਰੀ ਝੰਡੀ ਦਿੱਤੀ।
ਕੋਰੋਨਾ ਸੰਕਟ ਦੌਰਾਨ ਭਾਰਤ ਦੀ 60 ਕਰੋੜ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਨਾਲ ਅੱਗੇ ਆਇਆ ਕੈਨੇਡਾ
