ਦਿੱਲੀ (ਇੰਦਰਪ੍ਰੀਤ ਕੌਰ) ਦਿੱਲੀ ‘ਚ ਲਗਾਈ ਗਈ ਤਾਲਾਬੰਦੀ ਦੀ ਮਿਆਦ 31 ਮਈ ਸਵੇਰੇ 5 ਵਜੇ ਤਕ ਵਧਾ ਦਿੱਤੀ ਗਈ ਹੈ। ਇਹ ਐਲਾਨ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਰਾਂਹੀ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਕੇਸ ਘੱਟਣ ਤੇ ਹੀ ਦਿੱਲੀ ਨੂੰ ਅਨਲਾੱਕ ਕਰਾਂਗਾ ਤੇ ਉਦੋਂ ਤਕ ਸਾਡੀ ਕੋਰੋਨਾ ਨਾਲ ਜੰਗ ਜਾਰੀ ਰਹੇਗੀ।

ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਦੇ ਮੁਕਾਬਲੇ ਹੁਣ ਤਕ ਕਾਫੀ ਕੇਸ ਘੱਟੇ ਨੇ ਜਦਕਿ ਅਪ੍ਰੈਲ ਦੇ ਮਹੀਨੇ ‘ਚ ਦੂਸਰੀ ਲਹਿਰ ਆਉਣ ਕਾਰਨ ਦਿੱਲੀ ਦੇ ਹਾਲਾਤ ਕਾਫੀ ਖਰਾਬ ਹੋ ਗਏ ਸਨ ਜਿਸ ਤੋਂ ਬਾਅਦ ਤਾਲਾਬੰਦੀ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਵਾਸੀਆਂ ਦੇ ਸਹਿਯੋਗ ਨਾਲ ਹੁਣ ਤਕ ਗਿਣਤੀ ‘ਚ ਕਾਫੀ ਘਾਟਾ ਹੋਇਆ ਹੈ, ਜਿੱਥੇ ਪਿਛਲੇ ਮਹੀਨੇ ਇਕ ਦਿਨ ‘ਚ 28 ਹਜ਼ਾਰ ਕੇਸ ਸਾਹਮਣੇ ਆਏ ਸਨ ਤਾਂ ਉੱਥੇ ਹੀ ਹੁਣ ਇਕ ਦਿਨ ਚ ਬੀਤੇ ਦਿਨ 1600 ਕੇਸ ਸਾਹਮਣੇ ਆਏ ਹਨ। ਮੁਖ ਮੰਤਰੀ ਦਾ ਕਹਿਣਾ ਹੈ ਕਿ ਜੇਕਰ ਹੁਣ ਲੋਕ ਇਸ ਤਰ੍ਹਾਂ ਹੀ ਉਨ੍ਹਾਂ ਦਾ ਸਹਿਯੋਗ ਦਿੰਦੇ ਰਹਿਣਗੇ ਤਾਂ 31 ਮਈ ਤੋਂ ਬਾਅਦ ਅਨਲਾੱਕ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਏਗੀ।