ਕਪੂਰਥਲਾ, 24 ਮਈ 2021- ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਕਿਹਾ ਹੈ ਕਿ ਕੋਵਿਡ ਵਿਰੁੱਧ ਲੜਾਈ ਵਿਚ ਕਾਰਪੋਰੇਟ ਖੇਤਰ ਆਪਣੇ ਸਾਧਨਾਂ ਤੇ ਸਰਮਾਏ ਨਾਲ ਅਹਿਮ ਭੂਮਿਕਾ ਨਿਭਾ ਸਕਦਾ ਹੈ। ਅੱਜ ਇੱਥੇ ਜੀ.ਐਨ.ਏ. ਐਕਲੈਸ ਲਿਮਿਟਡ ਦੇ ਐਗਜੈਕਟਿਵ ਡਾਇਰੈਕਟਰ ਸ੍ਰੀ ਕੁਲਵਿਨ ਸਿੰਘ ਵਲੋਂ ਕਪੂਰਥਲਾ ਜਿਲ੍ਹੇ ਲਈ ਮੈਡੀਕਲ ਦੀ ਸਾਮਾਨ ਸੌਂਪਣ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਦਯੋਗਿਕ ਖੇਤਰ ਦੀ ਦੇਸ਼ ਦੇ ਵਿਕਾਸ ਦੇ ਨਾਲ-ਨਾਲ ਸਮਾਜਿਕ ਜਿੰਮੇਵਾਰੀ ਪ੍ਰਤੀ ਪਹੁੰਚ ਹਮੇਸ਼ਾਂ ਹਾਂ ਪੱਖੀ ਰਹੀ ਹੈ, ਜਿਸ ਕਰਕੇ ਉਹ ਇਸ ਵਾਰ ਵੀ ਮਹਾਂਮਾਰੀ ਦੇ ਵਿਰੁੱਧ ਸ਼ਾਨਦਾਰ ਭੂਮਿਕਾ ਨਿਭਾ ਸਕਦੇ ਹਨ। ਡਾਇਰੈਕਟਰ ਕੁਲਵਿਨ ਸਿੰਘ ਵਲੋਂ ਕਪੂਰਥਲਾ ਜਿਲ੍ਹੇ ਵਿਚ ਵਰਤੋਂ ਲਈ ਸੈਨੇਟਾਈਜ਼ਰ, ਮਾਸਕ, ਪਲਸ ਆਕਸੀਮੀਟਰ, ਗਲਫਜ਼ ਆਦਿ ਮੁਹੱਈਆ ਕਰਵਾਏ ਗਏ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੇ ਹੋਰਨਾਂ ਉਦਯੋਗਪਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਮਹਾਂਮਾਰੀ ਦੇ ਟਾਕਰੇ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕੀਤੇ ਜਾ ਰਹੇ ਯਤਨਾਂ ਵਿਚ ਵੱਧ ਚੜ੍ਹਕੇ ਸਹਿਯੋਗ ਦੇਣ। ਸਿਵਲ ਸਰਜਨ ਡਾ. ਪਰਮਿੰਦਰ ਕੌਰ ਵਲੋਂ ਵੀ ਸ੍ਰੀ ਕੁਲਵਿਨ ਸਿੰਘ ਦਾ ਧੰਨਵਾਦ ਕੀਤਾ ਗਿਆ।