ਅੰਮ੍ਰਿਤਸਰ, 24 ਮਈ 2021 (ਇੰਦਰਪ੍ਰੀਤ ਕੌਰ)- ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਇਕ ਪਾਸੇ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਸੋਸ਼ਲ ਮੀਡੀਆ ‘ਤੇ ਸਰਗਰਮ ਹੋ ਕੇ ਕਿਸਾਨਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਹੁਣ ਇਕ ਵਾਰ ਫਿਰ ਨਵਜੋਤ ਸਿੱਧੂ ਨੇ ਵੱਡਾ ਫੈਸਲਾ ਲਿਆ ਹੈ। ਫੇਸਬੁੱਕ ਤੇ ਪੋਸਟ ਸਾਂਝੀ ਕਰਦਿਆਂ ਸਿੱਧੂ ਨੇ ਕਿਹਾ ਹੈ ਕਿ ਉਹ ਕਲ੍ਹ ਸਵੇਰੇ 9.30 ਵਜੇ ਅੰਮ੍ਰਿਤਸਰ ਅਤੇ ਪਟਿਆਲਾ ਦੋਹਾਂ ਘਰਾਂ ‘ਤੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਝੰਡਾ ਲਹਿਰਾਉਣਗੇ।
ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਮੈਂ ਕੱਲ੍ਹ ਸਵੇਰ 9:30 ਵਜੇ ਆਪਣੇ ਦੋਹਾਂ ਘਰਾਂ (ਅੰਮ੍ਰਿਤਸਰ ਅਤੇ ਪਟਿਆਲਾ) ‘ਤੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਕਾਲਾ ਝੰਡਾ ਫਹਿਰਾਵਾਂਗਾI … ਮੇਰੀ ਸਭ ਨੂੰ ਬੇਨਤੀ ਹੈ ਕਿ ਜਦ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਜਾਂ ਫਿਰ ਸੂਬਾ ਸਰਕਾਰ ਰਾਹੀਂ ਫ਼ਸਲਾਂ ਦੀ ਖ੍ਰੀਦ ਤੇ ਜਿਣਸਾਂ ‘ਤੇ ਐਮ.ਐਸ.ਪੀ. ਯਕੀਨੀ ਬਣਾਉਣ ਲਈ ਕੋਈ ਵਿਕਲਪਕ ਹੱਲ ਨਹੀਂ ਕੱਢਿਆ ਜਾਂਦਾ ਤਦ ਤੱਕ ਅਜਿਹਾ (ਹਰ ਛੱਤ ‘ਤੇ ਕਾਲਾ ਝੰਡਾ) ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਦੇ ਇਸ ਫ਼ੈਸਲਾ ਨਾਲ ਜਿੱਥੇ ਕਿਸਾਨ ਅੰਦੋਲਨ ਨੂੰ ਹੋਰ ਹੁਲਾਰਾ ਮਿਲੇਗਾ, ਉਥੇ ਹੀ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਦੀ ਕਿਰਕਰੀ ਹੋਣੀ ਵੀ ਸੰਭਵ ਹੈ।ਇਥੇ ਇਹ ਵੀ ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਵਧਣ ਤੋਂ ਬਾਅਦ ਨਵਜੋਤ ਸਿੱਧੂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਲਗਾਤਾਰ ਹਮਲੇ ਬੋਲੇ ਜਾ ਰਹੇ ਹਨ। ਭਾਵੇਂ ਕਾਂਗਰਸ ਹਾਈਕਮਾਨ ਨੇ ਇਸ ਵਿਵਾਦ ਵਿਚ ਦਖ਼ਲ ਦੇ ਕੇ ਦੋਵਾਂ ਧਿਰਾਂ ਨੂੰ ਬਿਆਨਬਾਜ਼ੀ ਗੁਰੇਜ ਕਰਨ ਲਈ ਆਖਿਆ ਸੀ ਪਰ ਇਸ ਦਰਮਿਆਨ ਨਵਜੋਤ ਸਿੱਧੂ ਵਲੋਂ ਆਏ ਨਵੇਂ ਬਿਆਨ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵਧਣੀਆਂ ਸੁਭਾਵਕ ਹਨ।