ਆਦਮਪੁਰ, 24 ਮਈ 2021 (ਇੰਦਰਪ੍ਰੀਤ ਕੌਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ 26 ਮਈ ਨੂੰ ਤਿੰਨ ਖੇਤੀ ਕਾਨੂੰਨਾਂ ਨੂੰ ਖ਼ਤਮ ਕਰਨ ਅਤੇ ਇਹਨਾਂ ਕਾਨੂੰਨਾਂ ਖਿਲਾਫ ਸੰਘਰਸ਼ ਦੇ ਛੇ ਮਹੀਨੇ ਪੂਰੇ ਹੋਣ ’ਤੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਘਰਾਂ ’ਤੇ ਕਾਲੇ ਝੰਡੇ ਲਹਿਰਾਏ ਜਾਣ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਵੀ ਅਪੀਲ ਕੀਤੀ ਕਿ ਕਿਸਾਨਾਂ ਨਾਲ ਤੁਰੰਤ ਗੱਲਬਾਤ ਕਰਨ ਅਤੇ ਉਹਨਾਂ ਦੀਆਂ ਸ਼ਿਕਾਇਤਾਂ ਦੂਰ ਕਰਨ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਲੋਕਤੰਤਰ ਵਿਚ ਹਉਮੈ ਦੀ ਕੋਈ ਥਾਂ ਨਹੀਂ ਹੈ ਅਤੇ ਸਿਰਫ ਤਾਨਾਸ਼ਾਹ ਹੀ ਲੋਕਾਂ ਪ੍ਰਤੀ ਆਪਣੇ ਨਾ ਬਦਲਣ ਦਾ ਰਵੱਈਆ ਰੱਖਦੇ ਹਨ।

ਸੁਖਬੀਰ ਬਾਦਲ ਇਥੇ ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂ ਕੀਤੇ 8ਵੇਂ ਕੋਰੋਨਾ ਕੇਅਰ ਸੈਂਟਰ ਦਾ ਉਦਘਾਟਨ ਕਰਨ ਆਏ ਸਨ। ਇਹ ਸੈਂਟਰ ਕਾਲੜਾ ਪਿੰਡ ਵਿਚ ਗੁਰੂ ਨਾਨਕ ਸੰਗਤ ਹਸਪਤਾਲ ਵਿਖੇ ਖੋਲ੍ਹਿਆ ਗਿਆ ਹੈ ਜਿਸ ਵਿਚ ਆਕਸੀਜਨ ਕੰਸੈਂਟ੍ਰੇਟਰਾਂ ਸਮੇਤ 25 ਬੈਡਾਂ ਦੀ ਸਹੂਲਤ ਉਪਲਬਧ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਜੋ ਮੌਕੇ ’ਤੇ ਹਾਜ਼ਰ ਸਨ, ਨੇ ਦੱਸਿਆ ਕਿ ਕਮੇਟੀ ਨੇ ਇਹਨਾਂ ਸੈਂਟਰਾਂ ਵਿਚ 24 ਘੰਟੇ ਵਾਸਤੇ ਕੋਰੋਨਾਮ ਰੀਜ਼ਾਂ ਦੀ ਸੰਭਾਲ ਕਰਨ ਲਈ 140 ਡਾਕਟਰਾਂ, 240 ਨਰਸਾਂ ਤੇ 12 ਨਰਸਿੰਗ ਸੁਪਰਵਾਈਜ਼ਰਾਂ ਸਮੇਤ 400 ਮੈਂਬਰਾਂ ਦਾ ਮੈਡੀਕਲ ਸਟਾਫ ਤੈਨਾਤ ਕੀਤਾ ਹੈ।

ਸੁਖਬੀਰ ਬਾਦਲ ਨੇ ਇਸ ਮੌਕੇ ਸਪਸ਼ਟ ਕਿਹਾ ਕਿ ਕੋਈ ਵੀ ਮੁਲਕ ਤਰੱਕੀ ਨਹੀਂ ਕਰ ਸਕਦਾ ਜੇਕਰ ਉਹ ਆਪਣੇ ਕਿਸਾਨਾਂ ਖਿਲਾਫ ਵਿਤਕਰਾ ਕਰੇ। ਉਹਨਾਂ ਕਿਹਾ ਕਿ ਕਿਸਾਨ ਪਿਛਲੇ ਛੇ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਧਰਨਾ ਦੇ ਰਹੇ ਹਨ ਤੇ ਤਿੰਨ ਕਾਲੇ ਕਾਨੂੰਨਾਂ ਨੂੰ ਖ਼ਤਮ ਕਰਨ ਤੇ ਐੱਮ.ਐੱਸ.ਪੀ ’ਤੇ ਜਿਣਸਾਂ ਦੀ ਸਰਕਾਰੀ ਖਰੀਦ ਯਕੀਨੀ ਤੌਰ ’ਤੇ ਜਾਰੀ ਰੱਖਣ ਦੀ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਬਜਾਏ ਕਿਸਾਨਾਂ ਦੀ ਗੱਲ ਸੁਣਨ ਅਤੇ ਉਹਨਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦੇ, ਕੇਂਦਰ ਸਰਕਾਰ ਨੇ ਚਾਰ ਮਹੀਨੇ ਪਹਿਲਾਂ ਉਹਨਾਂ ਨਾਲ ਗੱਲਬਾਤ ਠੱਪ ਕਰ ਦਿੱਤੀ ਅਤੇ ਇਹ ਸੰਘਰਸ਼ ਵਿਚ ਲੱਗੇ ਕਿਸਾਨਾਂ ਨੂੰ ਥਕਾ ਕੇ ਸੰਘਰਸ਼ ਨੂੰ ਖ਼ਤ ਕਰਵਾਉਣ ਦੇ ਯਤਨਾਂ ਵਿਚ ਲੱਗੀ ਹੈ। ਉਹਨਾਂ ਕਿਹਾ ਕਿ ਮੈਂ ਸਪਸ਼ਟ ਤੌਰ ’ਤੇ ਕਹਿਣਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਤੇ ਗਰੀਬਾਂ ਦੀ ਪਾਰਟੀ ਹੈ ਤੇ ਹਮੇਸ਼ਾ ਉਹਨਾਂ ਦੇ ਨਾਲ ਡਟੀ ਰਹੇਗੀ।