Latest

ਨਵਜੋਤ ਸਿੱਧੂ ਨੇ ਕਿਸਾਨਾਂ ਦੇ ਹੱਕ ‘ਚ ਘਰ ਦੀ ਛੱਤ ‘ਤੇ ਲਹਿਰਾਇਆ ਕਾਲਾ ਝੰਡਾ

ਪਟਿਆਲਾ, 25 ਮਈ 2021 (ਇੰਦਰਪ੍ਰੀਤ ਕੌਰ)- ਬੀਤੇ ਦਿਨੀਂ ਕਿਸਾਨਾਂ ਨੂੰ ਸਮਰਥਣ ਦੇਣ ਲਈ ਕੀਤੇ ਆਪਣੇ ਐਲਾਨ ਮੁਤਾਬਕ ਅਜ ਮੰਗਲਵਾਰ ਨੂੰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਜਾਹਰ ਕਰਨ ਲਈ ਪਟਿਆਲਾ ਸਥਿਤ ਆਪਣੀ ਰਿਹਾਇਸ਼ ‘ਤੇ ਕਾਲਾ ਝੰਡਾ ਲਹਿਰਾਇਆ।ਇਸ ਦੌਰਾਨ ਉਨ੍ਹਾਂ ਦੀ ਪਤਨੀ ਸਾਬਕਾ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਵੀ ਉਨ੍ਹਾਂ ਦੇ ਨਾਲ ਸੀ। ਜ਼ਿਕਰਯੋਗ ਹੈ ਕਿ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਵਲੋਂ 26 ਮਈ ਨੂੰ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਕਰਨ ਲਈ ਆਪਣੇ ਘਰਾਂ ਤੇ ਕਾਲੇ ਝੰਡੇ ਲਹਿਰਾਉਣ ਦੀ ਅਪੀਲ ਕੀਤੀ ਸੀ।

ਗੌਰਤਲਬ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਇਕ ਪਾਸੇ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਸੋਸ਼ਲ ਮੀਡੀਆ ‘ਤੇ ਸਰਗਰਮ ਹੋ ਕੇ ਕਿਸਾਨਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਹੁਣ ਇਕ ਵਾਰ ਫਿਰ ਨਵਜੋਤ ਸਿੱਧੂ ਨੇ ਵੱਡਾ ਐਲਾਨ ਕੀਤਾ ਸੀ ਅਤੇ ਫੇਸਬੁੱਕ ਤੇ ਪੋਸਟ ਸਾਂਝੀ ਕਰਦਿਆਂ ਸਿੱਧੂ ਨੇ ਕਿਹਾ ਹੈ ਕਿ ਉਹ ਮੰਗਲਵਾਰ ਸਵੇਰੇ 9.30 ਵਜੇ ਅੰਮ੍ਰਿਤਸਰ ਅਤੇ ਪਟਿਆਲਾ ਦੋਹਾਂ ਘਰਾਂ ‘ਤੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਝੰਡਾ ਲਹਿਰਾਉਣਗੇ।

ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਦੇ ਇਸ ਫ਼ੈਸਲਾ ਨਾਲ ਜਿੱਥੇ ਕਿਸਾਨ ਅੰਦੋਲਨ ਨੂੰ ਹੋਰ ਹੁਲਾਰਾ ਮਿਲੇਗਾ, ਉਥੇ ਹੀ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਦੀ ਕਿਰਕਰੀ ਹੋਣੀ ਵੀ ਸੰਭਵ ਹੈ।ਇਥੇ ਇਹ ਵੀ ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਵਧਣ ਤੋਂ ਬਾਅਦ ਨਵਜੋਤ ਸਿੱਧੂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਲਗਾਤਾਰ ਹਮਲੇ ਬੋਲੇ ਜਾ ਰਹੇ ਹਨ।

Leave a Comment

Your email address will not be published.

You may also like

Skip to toolbar