ਮਲੋਟ, 25 ਮਈ 2021 (ਇੰਦਰਪ੍ਰੀਤ ਕੌਰ)- ਮਲੋਟ ਵਿਖੇ ਇਕ ਵਾਰ ਫਿਰ ਤੋਂ ਇਨਸਾਨੀਅਤ ਸ਼ਰਮਸਾਰ ਹੋਈ ਅਤੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆਂ ’ਤੇ ਵਾਇਰਲ ਹੋ ਰਹੀ ਹੈ, ਜਿਸ ਅਨੁਸਾਰ ਮਲੋਟ ਦੇ ਰਵੀਦਾਸ ਨਗਰ ਵਿਚ ਇਕ ਨਾਬਾਲਗ ਮੁੰਡੇ ਦੀਆਂ ਲੱਤਾਂ ਨੂੰ ਰੱਸੀ ਨਾਲ ਬੰਨ੍ਹ ਕਿ ਉਸ ਦੇ ਸਿਰ ਤੇ ਉਸਤਰਾ ਫੇਰਿਆ ਜਾ ਰਿਹਾ ਹੈ। ਇਸ ਮੌਕੇ ਭੀੜ ਉਕਤ ਮੁੰਡੇ ਪ੍ਰਤੀ ਭੱਦੇ ਕੁਮੈਂਟ ਵੀ ਕੀਤੇ ਜਾ ਰਹੇ ਹਨ। ਇਸ ਮਾਮਲੇ ’ਤੇ ਮਲੋਟ ਪੁਲਸ ਵੱਲੋਂ ਬਣਦੀ ਕਨੂੰਨੀ ਕਾਰਵਾਈ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਘਟਨਾ ਦੀ ਜਾਣਕਾਰੀ ਦਿੰਦਿਆਂ ਲਾਖਣ ਪੁੱਤਰ ਸੁਭਾਸ਼ ਚੰਦਰ ਵਾਸੀ ਰਵੀਦਾਸ ਨਗਰ ਮਲੋਟ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਉਸ ਦੇ ਤਾਏ ਦੇ ਮੁੰਡੇ ਸੰਨੀ ਪੁੱਤਰ ਸੋਹਨ ਲਾਲ ਨੂੰ ਮੁਹੱਲੇ ਦੇ ਹੀ ਕੁਝ ਵਿਅਕਤੀਆਂ ਵੱਲੋਂ ਘਰ ਤੋਂ ਅਗਵਾ ਕਰ ਲਿਆ ਹੈ ਅਤੇ ਉਸ ਨੂੰ ਬੰਨ੍ਹ ਕਿ ਸਿਰ ਨੂੰ ਵਿਚਾਲਿਓ ਉਸਤਰੇ ਨਾਲ ਗੰਜਾ ਕਰ ਦਿੱਤਾ। ਇੰਨ੍ਹਾਂ ਹੀ ਨਹੀਂ ਬਲਕਿ ਬੇਰਹਮੀ ਨਾਲ ਉਸ ਦੀ ਕੁੱਟਮਾਰ ਕੀਤੀ ਅਤੇ ਜਬਰੀ ਪਿਸ਼ਾਬ ਵੀ ਪਿਆਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪੀੜ੍ਹਤ ਦਾ ਚਚੇਰਾ ਭਰਾ ਨਾਬਾਲਗ ਹੈ ਅਤੇ ਅਜੇ ਉਸ ਦੀ ਉਮਰ ਪੂਰੀ 18 ਸਾਲ ਨਹੀਂ ਹੋਈ। ਲਾਖਣ ਨੇ ਦੱਸਿਆ ਕਿ ਸੰਨੀ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਸ਼ੱਕ ਸੀ ਕਿ ਸੰਨੀ ਦੇ ਉਨ੍ਹਾਂ ਦੀ ਕੁੜੀ ਨਾਲ ਪ੍ਰੇਮ ਸਬੰਧ ਹਨ। ਪੀੜ੍ਹਤ ਨੇ ਦੱਸਿਆ ਕਿ ਉਸ ਨੇ ਧੱਕੇਸ਼ਾਹੀ ਕਰਨ ਵਾਲਿਆਂ ਦੀ ਮਿੰਨਤਾਂ ਕੀਤੀਆਂ ਕਿ ਜੇ ਉਸ ਦਾ ਕੋਈ ਕਸੂਰ ਹੈ ਤਾਂ ਉਸ ਨੂੰ ਪੁਲਿਸ ਹਵਾਲੇ ਕਰ ਦਿਓ ਪਰ ਕਿਸੇ ਨੇ ਗੱਲ ਨਹੀਂ ਸੁਣੀ।

ਇਸ ਘਟਨਾ ਦਾ ਪਤਾ ਸਿਟੀ ਥਾਣਾ ਦੀ ਪੁਲਸ ਨੂੰ ਲੱਗਣ ਤੋਂ ਬਾਅਦ ਕਰਮਚਾਰੀਆਂ ਨੇ ਆ ਕੇ ਸੰਨੀ ਨੂੰ ਛੁਡਾਇਆ ਅਤੇ ਗੰਭੀਰ ਹਾਲਤ ਵਿਚ ਉਸ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ, ਜਿਥੇ ਮੁੰਡੇ ਦੀ ਹਾਲਤ ਸਥਿਰ ਨਹੀਂ। ਇਸ ਸਬੰਧੀ ਜਦੋਂ ਮਲੋਟ ਦੇ ਉਪ ਕਪਤਾਨ ਪੁਲਸ ਜਸਪਾਲ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।