Latest

ਸਿੱਧੂ ਤੋਂ ਬਾਅਦ ਬਾਦਲਾਂ ਦੇ ਘਰ ‘ਤੇ ਲੱਗਿਆ ਕਾਲਾ ਝੰਡਾ, ਕਿਸਾਨੀ ਘੋਲ ਦੇ 6 ਮਹੀਨੇ ਹੋਏ ਪੂਰੇ

ਚੰਡੀਗੜ੍ਹ, 26 ਮਈ 2021 (ਇੰਦਰਪ੍ਰੀਤ ਕੌਰ)- ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਅੰਦੋਲਨ ਦੇ ਅਜ 6 ਮਹੀਨੇ ਪੂਰੇ ਹੋ ਗਏ। ਅੱਜ ਦੇਸ਼ ਭਰ ਵਿੱਚ ਮੋਦੀ ਸਰਕਾਰ ਖਿਲਾਫ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ। ਵਿਰੋਧੀ ਸਿਆਸੀ ਪਾਰਟੀਆਂ ਦੀ ਹਮਾਇਤ ਕਰਕੇ ਕਿਸਾਨਾਂ ਦੇ ਇਸ ਐਕਸ਼ਨ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਇੱਥੋਂ ਤੱਕ ਕਿ ਪੰਜਾਬ ਵਿੱਚ ਬੀਜੇਪੀ ਨੂੰ ਛੱਡ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਲੀਡਰਾਂ ਤੇ ਵਰਕਰਾਂ ਨੇ ਆਪਣੇ ਘਰਾਂ ਉੱਪਰ ਕਾਲੇ ਝੰਡੇ ਲਾਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਸਮੂਹ ਵਰਕਰਾਂ ਨੂੰ ਆਪਣੇ ਘਰਾਂ ‘ਤੇ ਕਾਲੇ ਝੰਡੇ ਲਹਿਰਾਉਣ ਲਈ ਕਿਹਾ ਗਿਆ ਹੈ। ਅੱਜ ਪਿੰਡ ਬਾਦਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ‘ਤੇ ਵੀ ਕਾਲਾ ਝੰਡਾ ਲਹਿਰਾਇਆ ਗਿਆ। ਇਸ ਦੇ ਨਾਲ ਹੀ ਕੇਸਰੀ ਖ਼ਾਲਸਾਈ ਝੰਡਾ ਵੀ ਲਹਿਰਾਇਆ ਗਿਆ ਹੈ।

ਕਾਂਗਰਸ ਸਮੇਤ 14 ਪ੍ਰਮੁੱਖ ਵਿਰੋਧੀ ਦਲਾਂ ਦਾ ਸਮਰਥਨ

 ਓਧਰ ਦੇਸ਼ ਦੇ 14 ਪ੍ਰਮੁੱਖ ਵਿਰੋਧੀ ਦਲਾਂ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਸੱਦੇ ਦੇਸ਼-ਵਿਆਪੀ ਪ੍ਰਦਰਸ਼ਨ ਨੂੰ ਆਪਣਾ ਸਮਰਥਨ ਦਿੱਤਾ ਹੈ। ਇਨ੍ਹਾਂ ‘ਚ ਕਾਂਗਰਸ, ਜੇਡੀਐਸ, ਐਨਸੀਪੀ, ਟੀਐਮਸੀ, ਸ਼ਿਵਸੇਨਾ, ਡੀਐਮਕੇ, ਝਾਮੁਮੋ, ਜੇਕੇਪੀਏ, ਸਪਾ, ਬੀਐਸਪੀ, ਆਰਜੇਡੀ, ਸੀਪੀਆਈ, ਸੀਪੀਐਮ ਤੇ ਆਮ ਆਦਮੀ ਪਾਰਟੀ ਵੀ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਵਾਰਤਾ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੇ 21 ਮਈ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਤਿੰਨ ਖੇਤੀ ਕਾਨੂੰਨਾਂ ਤੇ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਦੀ ਅਪੀਲ ਕੀਤੀ।

ਜ਼ਿਕਰਯੋਗ ਹੈ ਕਿ 26 ਨਵੰਬਰ ਤੋਂ ਦਿੱਲੀ ਦੀਆਂ ਤਿੰਨ ਸਰਹੱਦਾਂ ‘ਤੇ ਅੰਦੋਲਨ ਕਰ ਰਹੇ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਨੇ 11 ਦੌਰ ਦੀ ਗੱਲਬਾਤ ‘ਚ ਕਾਨੂੰਨਾਂ ਨੂੰ ਰੱਦ ਕਰਕੇ ਅੱਗੇ ਦੀ ਚਰਚਾ ਲਈ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ। ਪਰ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਕਿਸਾਨ ਲੀਡਰਾਂ ਨੇ ਸਰਕਾਰ ਦਾ ਪ੍ਰਸਤਾਵ ਠੁਕਰਾ ਦਿੱਤਾ। ਸਰਕਾਰ ਤੇ ਕਿਸਾਨ ਲੀਡਰਾਂ ਦੇ ਵਿਚ 22 ਜਨਵਰੀ ਨੂੰ ਆਖਰੀ ਬੈਠਕ ਹੋਈ ਸੀ। ਇਸ ਤੋਂ ਬਾਅਦ 26 ਜਨਵਰੀ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਦੇ ਨਾਂਅ ‘ਤੇ ਕਾਫੀ ਬਵਾਲ ਹੋਇਆ ਸੀ। ਲਾਲ ਕਿਲ੍ਹਾ ‘ਤੇ ਹਿੰਸਾ ਤਕ ਹੋਈ ਸੀ ਜਿਸ ਦੀ ਜਾਂਚ ਦਿੱਲੀ ਪੁਲਿਸ ਕਰ ਰਹੀ ਹੈ।

Leave a Comment

Your email address will not be published.

You may also like

Skip to toolbar