ਤਰਨਤਾਰਨ, 27 ਮਈ 2021 (ਇੰਦਰਪ੍ਰੀਤ ਕੌਰ)- ਤਰਨਤਾਰਨ ਦੇ ਪੱਟੀ ਸ਼ਹਿਰ ਦੇ ਨਦੋਹਰ ਚੌਕ ਨਜਦੀਕ ਅਮਨ ਫੋਜੀ ਅਤੇ ਪ੍ਰਭਜੀਤ ਸਿੰਘ ਪੂਰਨ ਦਾ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ’ਚ ਇਕ ਹੋਰ ਨੌਜਵਾਨ ਦਿਲਬਾਗ ਸਿੰਘ ਸ਼ੇਰਾ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਇਹ ਵਾਰਦਾਤ ਅੱਜ ਸਵੇਰੇ 6 ਵਜੇ ਦੀ ਦੱਸੀ ਜਾ ਰਹੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਪ੍ਰਤਾਪ ਸਿੰਘ ਕੈਰੋਂ ਦੇ ਸਿਆਸੀ ਸਲਹਾਕਾਰ ਗੁਰਮੁਖ ਸਿੰਘ ਕੁੱਲਾ ਨੇ ਦੱਸਿਆ ਕਿ ਇਹ ਤਿੰਨੋਂ ਨੌਜਵਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧ ਰੱਖਦੇ ਸਨ।

ਮੌਕੇ ’ਤੇ ਪੁੱਜੇ ਡੀ.ਐੱਸ.ਪੀ. ਕੁਲਜਿੰਦਰ ਸਿੰਘ ਨੇ ਦੱਸਿਆ ਪੰਜ ਨੌਜਵਾਨ ਨਦੋਹਰ ਚੌਕ ਨਜਦੀਕ ਸਥਿਤ ਪੀਰ ਬਾਬਾ ਬਹੋਲ ਸ਼ਾਹ ਦੀ ਦਰਗਾਹ ’ਤੇ ਮੱਥਾ ਟੇਕਣ ਆਏ ਸਨ ਤਾਂ ਅਚਾਨਕ ਸਵਿਫਟ ਡਿਜਾਇਰ ਕਾਰ ਸਵਾਰ ਦੋ ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕਰਕੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ।
ਇਸ ਹਮਲੇ ’ਚ ਅਮਨਦੀਪ ਸਿੰਘ ਫੋਜੀ ਪੁੱਤਰ ਬਲਬੀਰ ਸਿੰਘ ਅਤੇ ਪ੍ਰਦੀਪ ਸਿੰਘ ਪੂਰਨ ਪੁੱਤਰ ਅਮਰ ਸਿੰਘ ਵਾਸੀ ਪੱਟੀ ਦੀ ਮੌਕੇ ’ਤੇ ਮੌਤ ਹੋ ਗਈ, ਜਦੋ ਕਿ ਦਿਲਬਾਗ ਸਿੰਘ ਸ਼ੇਰਾ ਪੁੱਤਰ ਤਰਸੇਮ ਸਿੰਘ ਬਿੱਟੂ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ’ਚ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ, ਜਦੋ ਕਿ ਹਰਬੀਰ ਸਿੰਘ ਪੁੱਤਰ ਲਖਵਿੰਦਰ ਸਿੰਘ ਤੇ ਗੁਰਜੰਟ ਸਿੰਘ ਨੇ ਭੱਜ ਕੇ ਆਪਣੀ ਜਾਣ ਬਚਾਈ।

ਇਸ ਮੌਕੇ ’ਤੇ ਡੀ.ਐੱਸ.ਪੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਤਫਤੀਸ਼ ਵਿੱਚ ਪਤਾ ਲੱਗਾ ਹੈ ਕਿ ਇਸ ਘਟਨਾ ਵਿੱਚ 9 ਐੱਮ.ਐੱਮ ਦਾ ਪਿਸਟਲ ਵਰਤਿਆ ਗਿਆ ਹੈ। ਪੁਲਸ ਵੱਲੋਂ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਘਟਨਾ ਨਾਲ ਪੱਟੀ ਇਲਾਕੇ ਵਿਚ ਦਹਿਸ਼ਤ ਦਾ ਮਾਹੋਲ ਬਣ ਗਿਆ ਹੈ।