ਅੰਮ੍ਰਿਤਸਰ, 27 ਮਈ 2021 (ਇੰਦਰਪ੍ਰੀਤ ਕੌਰ)- ਪੰਜਾਬ ਚ ਇਸ ਸਮੇਂ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਹਰ ਰੋਜ ਕਿਸੇ ਨਾ ਕਿਸੇ ਸਿਆਸੀ ਪਾਰਟੀ ‘ਚ ਉੱਥਲ-ਪੁੱਥਲ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਤੇ ਹੁਣ ਕੁਝ ਕਿਆਸ ਨਵਜੋਤ ਸਿੰਘ ਸਿੱਧੂ ਬਾਰੇ ਵੀ ਲਗਾਏ ਜਾ ਰਹੇ ਹਨ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਕਿਸੇ ਨਾ ਕਿਸੇ ਵਿਵਾਦ ਕਾਰਨ ਚਰਚਾ ਦਾ ਵਿਸ਼ਾ ਬਣੇ ਹੀ ਰਹਿੰਦੇ ਹਨ। ਅੱਜ ਕੱਲ ਨਵਜੋਤ ਸਿੱਧੂ ਕੈਪਟਨ ਅੰਮਰਿੰਦਰ ਸਿੰਘ ’ਤੇ ਵਾਰ-ਵਾਰ ਟਵੀਟ ਕਰ ਜੰਗ ਛੇੜ ਚੁੱਕੇ ਹਨ। ਨਵਜੋਤ ਸਿੰਘ ਸਿੱਧੂ ਦੀ ਪਤਨੀ ਵੀ ਸਿਆਸਤ ਚ ਕਾਫੀ ਸਮੇਂ ਤੋਂ ਬਣੇ ਹੋਏ ਹਨ ਤੇ ਉੱਥੇ ਹੀ ਹੁਣ ਕਿਆਸ ਲਗਾਏ ਜਾ ਰਹੇ ਹਨ ਸਿੱਧੂ ਦੀ ਧੀ ਰਾਬੀਆ ਸਿੱਧੂ ਵੀ ਜਲਦ ਸਿਆਸਤ ਚ ਪੈਰ ਧਰਨ ਜਾ ਰਹੀ ਹੈ। ਇਸ ਮੁੱਦੇ ਤੇ ਚਰਚਾਵਾਂ ਵੀ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।

ਗੌਰਤਲਬ ਹੈ ਕਿ ਕਿਸਾਨ ਵਿਰੋਧੀ ਬਿੱਲਾਂ ਦੇ ਛੇ ਮਹੀਨੇ ਪੂਰੇ ਹੋਣ ’ਤੇ 26 ਮਈ ਨੂੰ ਕਿਸਾਨ ਯੂਨੀਅਨਾਂ ਵੱਲੋਂ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਦਿਨ 25 ਮਈ ਨੂੰ ਨਵਜੋਤ ਸਿੰਘ ਸਿੱਧੂ ਤੇ ਡਾ. ਨਵਜੋਤ ਕੌਰ ਸਿੱਧੂ ਨੇ ਪਟਿਆਲਾ ਵਿਖੇ ਆਪਣੀ ਰਿਹਾਇਸ਼ ‘ਤੇ ਕਾਲਾ ਝੰਡਾ ਲਹਿਰਾਇਆ ਅਤੇ ਦੂਜੇ ਪਾਸੇ ਅੰਮ੍ਰਿਤਸਰ ਦੀ ਰਿਹਾਇਸ਼ ‘ਤੇ ਸਿੱਧੂ ਜੋੜੀ ਦੀ ਧੀ ਰਾਬੀਆ ਸਿੱਧੂ ਵੱਲੋਂ ਕਾਲਾ ਝੰਡਾ ਲਹਿਰਾਇਆ ਗਿਆ। ਝੰਡਾ ਲਹਿਰਾਉਣ ਤੋਂ ਬਾਅਦ ਉਨ੍ਹਾਂ ਦੀ ਧੀ ਰਾਬੀਆ ਸਿੱਧੂ ਦੇ ਸਿਆਸਤ ਵਿੱਚ ਪੈਰ ਧਰਨ ਦੀਆਂ ਚਰਚਾਵਾਂ ਜ਼ੋਰਾਂ ‘ਤੇ ਚੱਲ ਰਹੀਆਂ ਹਨ।

ਸਿੱਧੂ ਜੋੜੀ ਦੀ ਧੀ ਰਾਬੀਆ ਸਿੱਧੂ ਚੋਣ ਲੜਨ ਦੀ ਉਮਰ ‘ਚ ਆ ਚੁੱਕੀ ਹੈ। 1995 ‘ਚ ਨਵੀਂ ਦਿੱਲੀ ‘ਚ ਜਨਮੀ ਰਾਬੀਆ ਸਿੱਧੂ ਇਸ ਸਮੇਂ ਅਦਾਕਾਰੀ ਖੇਤਰ ‘ਚ ਆਪਣੀ ਦਿਲਚਸਪੀ ਦਿਖਾ ਰਹੀ ਹੈ। ਆਉਣ ਵਾਲੇ ਸਮੇਂ ਚ ਰਾਬੀਆ ਸਿੱਧੂ ਨਵਜੋਤ ਸਿੱਧੂ ਨਾਲ ਸਿਆਸਤ ਚ ਆਪਣੀ ਵੱਖਰੀ ਪਾਰਟੀ ਬਣਾਉਂਦੀ ਜਾਂ ਕਿਸੇ ਹੋਰ ਪਾਰਟੀ ਚ ਸ਼ਾਮਲ ਹੁੰਦੀ ਇਹ ਦੇਖਣਾ ਬਾਕੀ ਹੈ।