ਨਿਊਜ਼ੀਲੈਂਡ, 28 ਮਈ 2021 (ਇੰਦਰਪ੍ਰੀਤ ਕੌਰ)- ਨਿਊਜ਼ੀਲੈਂਡ ਵਿੱਚ ਪੰਜਾਬੀ ਮਾਂ ਬੋਲੀ ਦਿਵਸ ਮਨਾਉਣ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਨਵੰਬਰ ‘ਚ ਮਨਾਇਆ ਜਾਏਗਾ ਦੂਜਾ ਪੰਦਾਬੀ ਭਾਸ਼ਾ ਹਫ਼ਤਾ।
ਨਿਊਜ਼ੀਲੈਂਡ ਦੇ ਵਿੱਚ ਪਿਛਲੇ ਸਾਲ ਹੋਈਆਂ ਦੂਜੀਆਂ ਨਿਊਜੀਲੈਂਡ ਸਿੱਖ ਖੇਡਾਂ ਵੇਲੇ ਪਹਿਲਾ ਪੰਜਾਬੀ ਭਾਸ਼ਾ ਹਫ਼ਤਾ 23-30 ਨਵੰਬਰ 2020 ਤਕ ਮਨਾਇਆ ਗਿਆ ਸੀ। ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਪੰਜਾਬੀ ਭਾਈਚਾਰੇ ਨੂੰ ਉਸ ਵੇਲੇ ਵੱਡਾ ਸਹਿਯੋਗ ਦੇ ਕੇ ਇਸ ਨੂੰ ਯਾਦਗਾਰੀ ਬਣਾਇਆ ਗਿਆ ਸੀ। ਪੰਜਾਬ ਤੋਂ ਭਾਸ਼ਾ ਵਿਭਾਗ ਦੀ ਨਿਰਦੇਸ਼ਕ ਨੇ ਵੀ ਉਸ ਮੌਕੇ ਵਧਾਈ ਪੱਤਰ ਭੇਜਿਆ ਸੀ। ਇਸ ਸਾਲ 19 ਨਵੰਬਰ ਯਾਨਿ ਕਿ 4 ਮੱਘਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਹੈ ਤੇ ਇਸ ਮਹੀਨੇ ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ।

ਪੰਜਾਬੀ ਹੈਰਲਡ, ਰੇਡੀਓ ਸਪਾਈਸ,ਅਦਾਰਾ ਕੂਕ ਸਮਾਚਾਰ, ਕਬੱਡੀ ਫੈਡਰੇਸ਼ਨ, ਸਿੱਖ ਅਵੇਰਜ਼, ਆਈ. ਕਲਰ ਪਾਪਾਕੁਰਾ, ਜਾਇਕਾ ਹੋਮਜ਼ ਅਤੇ ਹੋਰ ਇਸ ਉਦਮ ਦੇ ਵਿੱਚ ਸ਼ਾਮਲ ਹੋਣ ਵਾਲੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਮਨਾਇਆ ਜਾਣ ਵਾਲਾ ਪੰਜਾਬੀ ਭਾਸ਼ਾ ਹਫ਼ਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਜਾਵੇਗਾ। ਲੋਕਾਂ ਦੇ ਭਰਵੇਂ ਇੱਕਠ ਦਾ ਫਾਇਦਾ ਲੈਂਦਿਆਂ ਨੂੰ ਇਸ ਨੂੰ ਸਿੱਖ ਖੇਡਾਂ ਦੌਰਾਨ ਮਨਾਇਆ ਜਾਵੇਗਾ। ਇਸ ਦੇ ਨਾਲ ਅਪੀਲ ਵੀ ਕੀਤੀ ਗਈ ਹੈ ਕਿ ਜਿਹੜੇ ਵੀ ਭਾਈਚਾਰੇ ਦੇ ਲੋਕ ਪੰਜਾਬੀ ਭਾਸ਼ਾ ਹਫ਼ਤਾ ਮਨਾਉਣ ‘ਚ ਸਹਿਯੋਗ ਕਰ ਸਕਦੇ ਹਨ ਉਹ ਯੋਗਦਾਨ ਜਰੂਰ ਪਾਉਣ।

ਜ਼ਿਕਰਯੋਗ ਹੈ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਸੰਭਾਲ ਲਈ ਪੰਜਾਬ ਭਰ ‘ਚ ਬਹੁਤ ਸਾਰੇ ਉਪਰਾਲੇ ਤਾਂ ਕੀਤਾ ਹੀ ਜਾਂਦੇ ਨੇ ਪਰ ਉੱਥੇ ਹੀ ਵਿਦੇਸ਼ਾਂ ‘ਚ ਵੀ ਇਸ ਦੀ ਸਾਂਭ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਮ ਕਰਵਾਏ ਜਾਂਦੇ ਹਨ। ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਪੰਜਾਬ ਨਾਲੋਂ ਜਿਆਦਾ ਚੰਗੀ ਪੰਜਾਬੀ ਮੁਲਕਾਂ ‘ਚ ਪੜ੍ਹਾਈ ਤੇ ਬੋਲੀ ਜਾਂਦੀ ਹੈ ਤੇ ਉੱਥੇ ਲੋਕਾਂ ਨੂੰ ਮਾਂ ਬੋਲੀ ਦੀ ਕਦਰ ਵੀ ਪਤਾ ਹੈ। ਇਸ ਦੌਰਾਨ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਤਕ ਮਾਂ ਬੋਲੀ ਦੀ ਮਿਠਾਸ ਪਹੁੰਚਾਉਣ ਲਈ ਉਪਰਾਲੇ ਕੀਤੇ ਹਨ।