ਨਵੀਂ ਦਿੱਲੀ, 28 ਮਈ 2021 (ਇੰਦਰਪ੍ਰੀਤ ਕੌਰ)-ਸੀਬੀਐੱਸਈ ਅਤੇ ਆਈਸੀਐੱਸਈ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰਨ ਲਈ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਅੱਜ ਵੀ ਸੁਣਵਾਈ ਟਾਲ ਦਿੱਤੀ ਗਈ ਹੈ। ਹੁਣ ਇਸ ਮਾਮਲੇ ਚ ਸੁਣਵਾਈ 31 ਮਈ ਨੂੰ ਹੋਵੇਗੀ। ਪਟੀਸ਼ਨ ਚ ਪ੍ਰੀਖਿਆ ਟਾਲਣ ਦੀ ਜਗ੍ਹਾਂ ਸਿੱਧਾ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਉੱਥੇ ਹੀ ਅੱਜ ਪ੍ਰੀਖਿਆ ਟਾਲਣ ਨੂੰ ਲੈ ਕੇ ਕਾਂਗਰਸ ਦਾ ਵਿਦਿਆਰਥੀ ਸੰਗਠਨ ਐੱਨ.ਐੱਸ.ਯੂ.ਆਈ. ਸਿੱਖਿਆ ਮੰਤਰਾਲੇ ਦਾ ਬਾਹਰ ਪ੍ਰਦਰਸ਼ਨ ਕਰੇਗਾ।
ਸੁਪਰੀਮ ਕੋਰਟ ਨੇ ਕਿਹਾ ਕਿ ਉਸ ਦਾ ਬੈਂਚ 12ਵੀਂ ਦੀ ਪ੍ਰੀਖਿਆ ਰੱਦ ਕਰਨ ਲਈ ਪਾਈ ਪਟੀਸ਼ਨ ’ਤੇ 31 ਮਈ ਨੂੰ ਸੁਣਵਾਈ ਕਰੇਗਾ। ਇਸ ਮਾਮਲੇ ਦੀ ਸੁਣਵਾਈ ਜਸਟਿਸ ਏ ਐਮ ਖਾਨਵਿਲਕਰ ਤੇ ਦਿਨੇਸ਼ ਮਹੇਸ਼ਵਰੀ ਦਾ ਬੈਂਚ ਕਰੇਗਾ। ਅਦਾਲਤ ਨੇ ਪਟੀਸ਼ਨਰ ਮਮਤਾ ਸ਼ਰਮਾ ਨੂੰ ਵੀ ਕਿਹਾ ਕਿ ਉਹ ਇਸ ਦੀ ਕਾਪੀ ਸੀਬੀਐਸਈ ਦੇ ਵਕੀਲ ਨੂੰ ਵੀ ਮੁਹੱਈਆ ਕਰਵਾਏ।

ਜਸਟਿਸ ਮਹੇਸ਼ਵਰੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਸੁਣਵਾਈ ਕਰਦਿਆਂ ਇਹ ਵੀ ਦੱਸਿਆ ਕਿ ਸੀਬੀਐਸਈ ਵਲੋਂ ਪ੍ਰੀਖਿਆਵਾਂ ਬਾਰੇ ਪਹਿਲੀ ਜੂਨ ਨੂੰ ਐਲਾਨ ਕੀਤਾ ਜਾਵੇਗਾ। ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਦੇਸ਼ ਵਿਚ ਕਰੋਨਾ ਕਾਰਨ ਹਾਲਾਤ ਖਰਾਬ ਹਨ ਤੇ ਇਸ ਵੇਲੇ ਪ੍ਰੀਖਿਆਵਾਂ ਕਰਵਾਉਣੀਆਂ ਵਿਦਿਆਰਥੀਆਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਤੁਲ ਹੋਵੇਗਾ।