ਨਵੀਂ ਦਿੱਲੀ, 28 ਮਈ 2020 (ਇੰਦਰਪ੍ਰੀਤ ਕੌਰ)- ਦਿੱਲੀ ‘ਚ ਕੋਰੋਨਾ ਵਾਇਰਸ ਦੇ ਘੱਟਦੇ ਮਾਮਲਿਆਂ ਨੂੰ ਦੇਖਦੇ ਮੁਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਕੋਰੋਨਾ ਦੇ ਘੱਟਦੇ ਮਾਮਲਿਆਂ ਅਤੇ ਪਾਜ਼ਿਟੀਵਿਟੀ ਰੇਟ ਨੂੰ ਦੇਖਦਿਆਂ ਦਿੱਲੀ ਅਨਲੌਕ ਹੋਣ ਜਾ ਰਹੀ ਹੈ। ਇਸ ਸਬੰਧੀ ਅੱਜ ਸ਼ੁੱਕਰਵਾਰ ਸਵੇਰੇ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੀ ਬੈਠਕ ਹੋਈ, ਜਿਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਅਨਲੌਕ ਦੀ ਪ੍ਰਕਿਰਿਆ ਹੌਲੀ-ਹੌਲੀ ਸ਼ੁਰੂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਅਨਲੌਕ ਪ੍ਰਕਿਰਿਆ 31 ਮਈ ਤੋਂ ਚਰਨਬੱਧ ਤਰੀਕੇ ਨਾਲ ਸ਼ੁਰੂ ਹੋਵੇਗੀ। ਦਿੱਲੀ ‘ਚ 31 ਮਈ ਤੋਂ ਨਿਰਮਾਣ ਗਤੀਵਿਧੀਆਂ ਦੀ ਬਹਾਲੀ, ਕਾਰਖਾਨਿਆਂ ਨੂੰ ਮੁੜ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਕੇਜਰੀਵਾਲ ਨੇ ਕਿਹਾ,”ਦਿੱਲੀ ‘ਚ ਸੰਕਰਮਣ ਦਰ ਘੱਟ ਕੇ 1.5 ਫੀਸਦੀ ਹੋ ਗਈ ਹੈ ਪਰ ਵਾਇਰਸ ਵਿਰੁੱਧ ਲੜਾਈ ਹਾਲੇ ਖ਼ਤਮ ਨਹੀਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਦਿੱਲੀ ਨੇ ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਦੀਆਂ ਵੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਚੀਨ ਤੋਂ 6000 ਆਕਸੀਜਨ ਸਿਲੰਡਰ ਵੀ ਮੰਗਵਾਏ ਗਏ ਹਨ ਤੇ ਹਸਪਤਾਲਾਂ ਚ ਪੁਖਤਾ ਪ੍ਰਬੰਧ ਕਰਨ ਚ ਸਰਕਾਰ ਜੁਟੀ ਹੋਈ ਹੈ।