ਚੰਡੀਗੜ੍ਹ, 31 ਮਈ 2021-ਪੰਜਾਬੀ ਰੈਪਰ, ਗੀਤਕਾਰ ਤੇ ਗਾਇਕ ਕਪਤਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਕਪਤਾਨ ਦੀ ਜੋ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ, ਉਹ ਉਸ ਦੀ ਕੁੱਟਮਾਰ ਦੀ ਹੈ। ਵੀਡੀਓ ਪਿਛਲੇ ਸਾਲ ਦੀ ਦੱਸੀ ਜਾ ਰਹੀ ਹੈ, ਜਿਸ ਨੂੰ ਇਨ੍ਹੀਂ ਦਿਨੀਂ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਵੀਡੀਓ ’ਤੇ ਕਪਤਾਨ ਨੇ ਆਪਣਾ ਪੱਖ ਰੱਖਿਆ ਹੈ ਤੇ ਲਾਈਵ ਹੋ ਕੇ ਆਪਣੇ ਪ੍ਰਸ਼ੰਸਕਾਂ ਨੂੰ ਗੱਲ ਸਾਫ ਕੀਤੀ ਹੈ।
ਕਪਤਾਨ ਨੇ ਕਿਹਾ ਕਿ ਇਹ ਵੀਡੀਓ ਪਿਛਲੇ ਸਾਲ ਦੀ ਹੈ। ਉਸ ਦਾ ਕੋਈ ਆਪਣਾ ਹੀ ਸਾਥੀ ਸੀ, ਜਿਸ ਕੋਲੋਂ ਸ਼ਾਇਦ ਉਸ ਦੀ ਚੜ੍ਹਾਈ ਬਰਦਾਸ਼ਤ ਨਹੀਂ ਹੋਈ ਤੇ ਉਸ ਨੇ ਸਾਥੀਆਂ ਨਾਲ ਉਸ ਦੀ ਕੁੱਟਮਾਰ ਕੀਤੀ।ਕਪਤਾਨ ਨੇ ਕਿਹਾ ਕਿ ਉਹ ਉਸ ਮੌਕੇ ਇਕੱਲਾ ਸੀ ਤੇ ਕੁੱਟਮਾਰ ਕਰਨ ਵਾਲੇ 12-13 ਜਾਣੇ ਸਨ। ਅਜਿਹੇ ’ਚ ਜੇਕਰ ਉਹ ਬਹਾਦਰੀ ਦਿਖਾਉਂਦਾ ਤਾਂ ਸ਼ਾਇਦ ਉਸ ਨਾਲ ਹੋਰ ਮਾੜਾ ਹੋਣਾ ਸੀ। ਉਸ ਨੂੰ ਉਦੋਂ ਇਹੀ ਸਹੀ ਲੱਗਾ ਕਿ ਜੋ ਉਹ ਕਹਿ ਰਹੇ ਹਨ, ਉਸ ਨੂੰ ਉਹ ਮੰਨ ਲਵੇ।

ਕਪਤਾਨ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ’ਚ ਇਸ ਗੱਲ ਦਾ ਖੁਲਾਸਾ ਵੀ ਕਰੇਗਾ ਕਿ ਉਹ ਲੋਕ ਕੌਣ ਸਨ, ਜਿਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਹੈ। ਨਾਲ ਹੀ ਕਪਤਾਨ ਨੇ ਇਹ ਚੈਲੰਜ ਵੀ ਕੀਤਾ ਕਿ ਜੇਕਰ ਉਨ੍ਹਾਂ ’ਚੋਂ ਕੋਈ ਇਹ ਵੀਡੀਓ ਦੇਖ ਰਿਹਾ ਹੈ ਤਾਂ ਉਸ ਨਾਲ ਇਕੱਲੇ-ਇਕੱਲੇ ਮਿਲੋ। ਗੌਰਤਲਬ ਹੈ ਕਿ ਕਪਤਾਨ ‘ਤੀਸ ਮਾਰ ਖਾਂ’ ਤੇ ‘ਕਿੱਕਲੀ’ ਵਰਗੇ ਗੀਤਾਂ ਨਾਲ ਚਰਚਾ ਖੱਟ ਚੁੱਕੇ ਹਨ।