ਹਿਸਾਰ, 31 ਮਈ 2021- ਹਿਸਾਰ ਦੀ ਬੇਟੀ ਬਾਕਸਰ ਸਵੀਟੀ ਬੁਰਾ ਨੇ ਦੁਬਈ ਚ ਆਯੋਜਿਤ ਏਸ਼ੀਅਨ ਚੈਂਪੀਅਨਸ਼ਿਪ ਚ ਕਾਂਸੀ ਦਾ ਤਗਮਾ ਹਾਸਿਲ ਕੀਤਾ। ਸਵੀਟੀ ਨੇ 81 ਕਿਲੋਗ੍ਰਾਮ ਭਾਰ ਵਰਗ ਵਿੱਚ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਹ ਤਗਮਾ ਆਪਣੇ ਨਾਮ ਕੀਤਾ। ਜ਼ਿਕਰਯੋਗ ਹੈ ਕਿ ਉਸ ਨੇ ਇਹ ਤਗਮਾ ਖੇਤੀ ਕਾਨੂੰਨਾਂ ਦੇ ਖਿਲਾਫ ਅੰਦਲੋਨ ਚ ਸ਼ਹੀਦ ਹੋਏ ਕਿਸਾਨਾਂ ਦੇ ਨਾਮ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਦੇ ਮੁਖ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੀ ਗੱਲ ਮੰਨਣ ਦੀ ਅਪੀਲ ਕੀਤੀ ਹੈ।

ਸੋਸ਼ਲ ਮੀਡੀਆ ਤੇ ਸਵੀਟੀ ਨੇ ਆਪਣਾ ਪੱਖ ਰੱਖਿਆ ਤਾਂ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦਾ ਸਮਰਥਨ ਦਿੱਤਾ ਤੇ ਆਪਣੇ ਵਿਚਾਰ ਵੀ ਦਿੱਤੇ। ਜਿੱਥੇ ਉਨ੍ਹਾਂ ਨੇ ਟਵਿੱਟਰ ਤੇ ਆਪਣੀ ਪੋਸਟ ਪਾ ਕੇ ਮੋਦੀ ਸਰਕਾਰ ਨੂੰ ਅਪੀਲ ਕੀਤਾ ਉੱਥੇ ਹੀ ਫੇਸਬੁੱਕ ਤੇ ਇਕ ਵੀਡੀਓ ਰਾਂਹੀ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ।

ਜ਼ਿਕਰਯੋਗ ਹੈ ਕਿ ਸਵੀਟੀ ਬੁਰਾ ਹਿਸਾਰ ਦੀ ਰਹਿਣ ਵਾਲੀ ਕਿਸਾਨ ਪਰਿਵਾਰ ਦੀ ਧੀ ਹੈ। ਸਵੀਟੀ ਦੇ ਪਿਤਾ ਮਹਿੰਦਰ ਸਿੰਘ ਕਿਸਾਨ ਅਤੇ ਉਨ੍ਹਾਂ ਦੀ ਮਾਤਾ ਸੁਰੇਸ਼ ਦੇਵੀ ਹਨ। ਪਰਿਵਾਰ ਦਾ ਸਾਥ ਮਿਲਣ ਤੇ ਸਵੀਟੀ ਨੇ ਸਖ਼ਤ ਮਿਹਨਤ ਕਰਕੇ ਕਈ ਤਗਮੇ ਆਪਣੇ ਨਾਮ ਕੀਤੇ ਅਤੇ ਖੂਬ ਵਾਹੋ-ਵਾਹੀ ਖੱਟੀ।