ਚੰਡੀਗੜ੍ਹ, 31 ਮਈ 2021- ਸੰਸਾਰ ਭਰ ਚ ਕੋਰੋਨਾ ਮਹਾਂਮਾਰੀ ਨੇ ਤੜਥਲੀ ਮਚਾਈ ਹੋਈ ਹੈ। ਇਸ ਦੌਰਾਨ ਆਮ ਲੋਕਾਂ ਤੋਂ ਲੈ ਕੇ ਕਈ ਮਸ਼ਹੂਰ ਹਸਤੀਆਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਕਈ ਬਾਲੀਵੁੱਡ ਦੇ ਪੰਜਾਬੀ ਕਲਾਕਾਰ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਕੋਰੋਨਾ ਬਿਮਾਰੀ ਨੂੰ ਮੁੱਖ ਰੱਖਦਿਆਂ ਆਪਣੇ ਪਿੰਡ ਖੰਟ ਵਿਖੇ ਆਪਣੀ ਹਵੇਲੀ ਦੇ ਦਰਵਾਜ਼ੇ ਕੋਰੋਨਾ ਪੀੜਤਾਂ ਲਈ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ”ਹਵੇਲੀ ਨੂੰ ਆਰਜ਼ੀ ਤੌਰ ‘ਤੇ ਹਸਪਤਾਲ ਵਜੋਂ ਵਰਤਿਆ ਜਾਵੇਗਾ ਅਤੇ ਮਰੀਜ਼ਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਕੋਰੋਨਾ ਮਹਾਮਾਰੀ ਦੇ ਹਾਲਾਤ ‘ਚ ਸਾਡਾ ਫ਼ਰਜ਼ ਬਣਦਾ ਹੈ ਕਿ ਆਪੋ-ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਸੰਭਵ ਮਦਦ ਕੀਤੀ ਜਾਵੇ।”

ਕਿਸਾਨੀ ਮੁੱਦੇ ‘ਤੇ ਗੱਲਬਾਤ ਕਰਦਿਆਂ ਬੱਬੂ ਮਾਨ ਨੇ ਕਿਹਾ ਕਿ ”ਕਿਸਾਨੀ ਕਿੱਤਾ ਸਾਡਾ ਪਿਤਾ-ਪੁਰਖੀ ਕਿੱਤਾ ਹੈ ਅਤੇ ਅਸੀਂ ਕਿਵੇਂ ਇਸ ਨੂੰ ਛੱਡ ਸਕਦੇ ਹਾਂ। ਜ਼ਮੀਨਾਂ ਬੜੀ ਜਦੋ-ਜਹਿਦ ਤੋਂ ਬਾਅਦ ਸਾਨੂੰ ਮਿਲੀਆਂ ਹਨ। ਕਿਸਾਨਾਂ ਕੋਲ ਇਸ ਤੋਂ ਇਲਾਵਾ ਕਮਾਈ ਦਾ ਕੋਈ ਹੋਰ ਸਾਧਨ ਵੀ ਨਹੀਂ ਹੈ। ਪੰਜਾਬ ਦਾ ਕਾਫ਼ੀ ਮਜ਼ਦੂਰ ਵਰਗ ਆਪਣੀ ਰੋਜ਼ੀ ਲਈ ਕਿਸਾਨਾਂ ਨਾਲ ਜੁੜਿਆ ਹੋਇਆ ਹੈ।”