ਚੰਡੀਗੜ੍ਹ- 3 ਜੂਨ,2021- ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਚੱਲੀ ਆ ਰਹੀ ਰਾਹਤ ਦਾ ਰੁਝਾਨ ਜਾਰੀ ਹੈ। ਪੰਜਾਬ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਇਹ ਸਮਾਂ ਵਾਇਰਸ ਦੀ ਲਾਗ ਫੈਲਣ ਦੇ ਮਾਮਲੇ ਪੱਖੋਂ ਬਹੁਤ ਚੌਕਸੀ ਭਰਿਆ ਹੈ। ਬੇਸ਼ੱਕ ਬੁੱਧਵਾਰ ਨੂੰ ਮੰਗਲਵਾਰ ਦੇ ਮੁਕਾਬਲੇ ਮੌਤਾਂ ਤੇ ਨਵੇਂ ਮਾਮਲਿਆਂ ’ਚ ਮਾਮੂਲੀ ਵਾਧਾ ਵੇਖਣ ਨੂੰ ਮਿਲਿਆ ਪਰ ਫਿਰ ਵੀ ਇਹ ਅੰਕੜੇ ਰਾਹਤ ਦੇਣ ਵਾਲੇ ਹੀ ਹਨ।
ਜਿੱਥੇ ਬੀਤੇ ਕੱਲ੍ਹ ਦੀਆਂ 92 ਮੌਤਾਂ ਦੇ ਮੁਕਾਬਲੇ 97 ਮਰੀਜ਼ਾਂ ਨੇ ਦਮ ਤੋੜਿਆ, ਉੱਥੇ ਮੰਗਲਵਾਰ ਨੂੰ ਆਏ 2,182 ਕੇਸਾਂ ਦੇ ਮੁਕਾਬਲੇ ਬੁੱਧਵਾਰ ਨੂੰ 2,260 ਨਵੇਂ ਮਾਮਲੇ ਮਿਲੇ। ਚਿੰਤਾ ਇਸ ਲਈ ਵਧ ਜਾਂਦੀ ਹੈ ਕਿ ਲੁਧਿਆਣਾ, ਜਲੰਧਰ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ ’ਚ ਨਵੇਂ ਮਿਲਣ ਵਾਲੇ ਮਰੀਜ਼ਾਂ ਦੀ ਗਿਣਤੀ ਮੰਗਲਵਾਰ ਦੇ ਮੁਕਾਬਲੇ ਵਧੀ ਹੈ।

ਜ਼ਿਕਰਯੋਗ ਹੈ ਕਿ ਸੂਬੇ ’ਚ ਹੁਣ ਤੱਕ 5 ਲੱਖ 70 ਹਜ਼ਾਰ 73 ਵਿਅਕਤੀ ਕੋਰੋਨਾਵਾਇਰਸ ਦੀ ਲਾਗ ਦੇ ਸ਼ਿਕਾਰ ਹੋ ਚੁੱਕੇ ਹਨ, ਜਦ ਕਿ ਮੌਤਾਂ ਦਾ ਕੁੱਲਅੰਕੜਾ 14,755 ਹੋ ਗਿਆ ਹੈ। ਸੂਬੇ ’ਚ ਹਾਲੇ ਵੀ 31,179 ਮਰੀਜ਼ ਜ਼ੇਰੇ ਇਲਾਜ ਹਨ। ਇਨ੍ਹਾਂ ਵਿੱਚੋਂ 1,091 ਮਰੀਜ਼ ਲੈਵਲ ਥ੍ਰੀ ਦੇ ਹਨ, ਜਦਕਿ 3,887 ਮਰੀਜ਼ ਆਕਸੀਜਨ ਸਪੋਰਟ ’ਤੇ ਹਨ।
ਸਰਕਾਰ ਅਨੁਸਾਰ ਸੂਬੇ ’ਚ ਪਿਛਲੇ 24 ਘੰਟਿਆਂ ਦੌਰਾਨ 4,426 ਮਰੀਜ਼ ਠੀਕ ਹੋਣ ਤੋਂ ਬਾਅਦ ਕੁੱਲ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 5 ਲੱਖ 26 ਹਜ਼ਾਰ 89 ਹੋ ਗਈ ਹੈ। ਸੂਬੇ ’ਚ ਐਕਟਿਵ ਦਰ 5.9 ਫ਼ੀਸਦੀ ਹੋ ਗਈ ਹੈ। ਇਸ ਪਿਛਲਾ ਕਾਰਨ ਰੀਕਵਰੀ (ਸਿਹਤਯਾਬੀ) ਦਰ ਦਾ ਵਧ ਕੇ 91.6% ਹੋਣਾ ਹੈ।