ਲੰਬੀ, 5 ਜੂਨ 2021- ਬੀਤੇ ਦਿਨੀਂ ਆਪ੍ਰੇਸ਼ਨ ਰੈੱਡ ਰੋਜ਼ ਤਹਿਤ ਲੰਬੀ ਵਿਖੇ ਐਕਸਾਈਜ ਵਿਭਾਗ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਗੈਰ ਕਾਨੂੰਨੀ ਸ਼ਰਾਬ ਬਣਾਉਣ ਦੇ ਚੱਲ ਰਹੇ ਕਾਰੋਬਾਰ ਦਾ ਪਰਦਾਫਾਸ਼ ਹੋਇਆ ਸੀ। ਇਸ ਸਬੰਧੀ ਪੁਲਸ ਵੱਲੋ ਮਾਮਲਾ ਵੀ ਦਰਜ ਕਰ ਲਿਆ ਗਿਆ। ਪਰ ਇਸ ਮਾਮਲੇ ਦੇ ਕਈ ਅਣਸੁਲਝੇ ਤੱਥਾਂ ਨੂੰ ਲੈ ਬੀਤੇ ਕੱਲ੍ਹ ਆਮ ਆਦਮੀ ਪਾਰਟੀ ਵੱਲੋ ਲੰਬੀ ਥਾਣੇ ਦੇ ਸਾਹਮਣੇ ਧਰਨਾ ਦਿੱਤਾ ਗਿਆ।
ਧਰਨੇ ਦੌਰਾਨ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਮੀਤ ਹੇਅਰ ਵਿਧਾਇਕ, ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾ, ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਨੇ ਧਰਨੇ ਨੂੰ ਸੰਬੋਧਨ ਕੀਤਾ। ਇਸ ਧਰਨੇ ਦੇ ਸਬੰਧੀ 13 ਆਪ ਆਗੂਆਂ ਨੂੰ ਨਾਮਜ਼ਦ ਕਰਦਿਆਂ 100-150 ਅਣਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਨਿਯਮਾਂ ਦੀ ਉਲੰਘਣਾ ਤਹਿਤ ਦਰਜ ਕੀਤੇ ਇਸ ਮਾਮਲੇ ’ਚ ਬਲਜਿੰਦਰ ਕੌਰ ਵਿਧਾਇਕ ਤਲਵੰਡੀ ਸਾਬੋ, ਕੁਲਤਾਰ ਸਿੰਘ ਸੰਧਵਾ ਵਿਧਾਇਕ ਕੋਟਕਪੂਰਾ, ਗੁਰਮੀਤ ਸਿੰਘ ਮੀਤ ਹੇਅਰ ਵਿਧਾਇਕ ਬਰਨਾਲਾ, ਮਨਵੀਰ ਖੁਫੀਆ, ਸੁਖਜਿੰਦਰ ਸਿੰਘ ਕਾਉਣੀ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਦੀਪ ਕੰਬੋਜ, ਅਤੁਲ ਨਾਗਪਾਲ, ਦੇਵ ਰਾਜ ਸ਼ਰਮਾ, ਨਵਦੀਪ ਕੰਧਵਾਲਾ, ਕਾਰਜ ਸਿੰਘ ਮਿਡਾ, ਜਗਦੇਵ ਸਿੰਘ ਬਾਂਮ ਜ਼ਿਲਾ ਪ੍ਰਧਾਨ, ਜਗਦੀਪ ਗੋਲਡੀ ਕੰਬੋਜ ਨੂੰ ਨਾਮਜ਼ਦ ਕਰਦਿਆਂ 100/150 ਅਣਪਛਾਤਿਆਂ ਤੇ ਧਾਰਾ 188/283 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।