ਜ਼ਿਲ੍ਹਾ ਲੁਧਿਆਣਾ ਦੇ ਥਾਣਾ ਸਾਹਨੇਵਾਲ ਅਧੀਨ ਆਉਂਦੀ ਚੌਕੀ ਕੰਗਨਵਾਲ ਦੀ ਦੁਰਗਾ ਕਲੋਨੀ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਵੇਰੇ ਕਰੀਬ ਅੱਠ ਵਜੇ ਸੈਰ ਕਰਨ ਜਾ ਰਹੇ ਲੋਕਾਂ ਨੇ ਸ਼ੱਕੀ ਹਾਲਾਤ ਵਿਚ ਇਕ ਬੋਰੀ ਪਈ ਦੇਖੀ। ਇਸ ਦੌਰਾਨ ਲੋਕਾਂ ਵਲੋਂ ਤੁਰੰਤ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ’ਤੇ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਚੌਕੀ ਕੰਗਨਵਾਲ ਦੀ ਪੁਲਸ ਮੌਕੇ ’ਤੇ ਪਹੁੰਚ ਗਈ।
ਇਸ ਦੌਰਾਨ ਜਦੋਂ ਪੁਲਸ ਨੇ ਬੋਰੀ ਖੋਲ੍ਹ ਕੇ ਦੇਖੀ ਤਾਂ ਸਾਰਿਆਂ ਦੇ ਹੋਸ਼ ਉੱਡ ਗਏ। ਬੋਰੀ ਵਿਚੋਂ ਇਕ ਲਗਭਗ 24 ਸਾਲ ਦੀ ਕੁੜੀ ਦੀ ਲਾਸ਼ ਬਰਾਮਦ ਹੋਈ। ਜਿਸ ਦੇ ਮੂੰਹ ਅਤੇ ਗੁਪਤ ਅੰਗਾਂ ’ਤੇ ਤੇਜ਼ਾਬ ਸੁੱਟਿਆ ਹੋਇਆ ਸੀ ਅਤੇ ਉਸ ਦੀ ਲਾਸ਼ ਨਗਨ ਹਾਲਤ ਵਿਚ ਸੀ। ਚੌਕੀ ਇੰਚਾਰਜ ਸਬ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਨਗਨ ਹਾਲਤ ਵਿਚ ਕੁੜੀ ਦੀ ਪਹਿਚਾਣ ਨਹੀਂ ਹੋ ਸਕੀ ਹੈ।

ਉਧਰ ਪੁਲਸ ਦਾ ਕਹਿਣਾ ਹੈ ਕਿ ਇਸ ਵਾਰਦਾਤ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ। ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਪਾਈ ਜਾ ਰਹੀ ਹੈ।