ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਕਲਾਸ 12ਵੀਂ ਦੀ ਬੋਰਡ ਪ੍ਰੀਖਿਆ ਦੇ ਅੰਕ ਸਬਮਿਟ ਕਰਨ ਦੀ ਅੰਤਿਮ ਤਰੀਕ 28 ਜੂਨ ਤੱਕ ਵਧਾ ਦਿੱਤੀ ਹੈ। ਬੋਰਡ ਨੇ ਸਕੂਲਾਂ ਵੱਲੋਂ ਚਲਾਏ ਜਾ ਰਹੇ ਇੰਟਰਨਲ ਅਸੈੱਸਮੈਂਟ ਅਤੇ ਪ੍ਰਾਜੈਕਟਾਂ ਦੇ ਤਰੀਕੇ ਵਿਚ ਬਦਲਾਅ ਸਬੰਧੀ ਇਕ ਸਰਕੁਲਰ ਜਾਰੀ ਕਰਦਿਆਂ ਕਿਹਾ ਕਿ ਕੋਈ ਵੀ ਬਕਾਇਆ ਪ੍ਰੀਖਿਆ ਕੇਵਲ ਆਨਲਾਈਨ ਮੋਡ ਜ਼ਰੀਏ ਹੀ ਲਈ ਜਾਵੇਗੀ। ਸੀ. ਬੀ. ਐੱਸ. ਈ. ਨੇ ਆਪਣੇ ਅਧਿਕਾਰਤ ਬਿਆਨ ’ਚ ਕਿਹ ਕਿ ਬੋਰਡ ਨੇ ਇਹ ਦੇਖਿਆ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਕਈ ਸਕੂਲ ਇੰਟਰਨਲ ਅਸੈੱਸਮੈਂਟ ਅਤੇ ਪ੍ਰਾਜੈਕਟਾਂ ਦਾ ਕੰਮ ਪੂਰਾ ਨਹੀਂ ਕਰ ਸਕੇ ਹਨ। ਅਜਿਹੇ ਸਕੂਲ ਆਨਲਾਈਨ ਮਾਧਿਆਮ ਨਾਲ ਇਨ੍ਹਾਂ ਕਾਰਜਾਂ ਨੂੰ ਪੂਰਾ ਕਰ ਸਕਦੇ ਹਨ ਅਤੇ ਬੱਚਿਆਂ ਦੇ ਅੰਕਾਂ ਨੂੰ ਦਿੱਤੇ ਗਏ ਲਿੰਕ ’ਤੇ 28 ਜੂਨ ਤੱਕ ਅਪਲੋਡ ਕਰ ਸਕਦੇ ਹਨ।
CBSE ਨੇ ਉਨ੍ਹਾਂ ਸਾਰੇ ਸਬਜੈਕਟਾਂ ਦੀ ਲਿਸਟ ਜਾਰੀ ਕੀਤੀ ਹੈ, ਜਿਨ੍ਹਾਂ ਲਈ ਇੰਟਰਨਲ ਐਗਜ਼ਾਮ ਹੋਣੇ ਹਨ। ਇਸ ਦੇ ਨਾਲ ਹੀ ਥਿਊਰੀ ਅਤੇ ਪ੍ਰੈਕਟੀਕਲ ਨੰਬਰਾਂ ਦੀ ਵੰਡ, ਪ੍ਰਾਜੈਕਟ ਜਾਂ ਇੰਟਰਨਲ ਅਸੈੱਸਮੈਂਟ ਅਤੇ ਪ੍ਰੀਖਿਆਵਾਂ ਦੇ ਸਮੇਂ ਸਬੰਧੀ ਜਾਣਕਾਰੀ ਦਿੱਤੀ ਹੈ।CBSE ਨੇ ਕਿਹਾ ਕਿ ਜਿਨ੍ਹਾਂ ਸਬਜੈਕਟਾਂ ਲਈ ਐਕਸਟਰਨਲ ਐਗਜ਼ਾਮੀਨਰ ਨਿਯੁਕਤ ਨਹੀਂ ਕੀਤਾ ਗਿਆ, ਉਨ੍ਹਾਂ ਸਬਜੈਕਟਾਂ ਲਈ ਸਬੰਧਤ ਸਕੂਲ ਅਧਿਆਪਕ ਆਨਲਾਈਨ ਮੋਡ ’ਚ ਪਾਠਕ੍ਰਮ ਵਿਚ ਦਿੱਤੇ ਗਏ ਨਿਰਦੇਸ਼ਾਂ ਦੇ ਆਧਾਰ ’ਤੇ ਵਿਦਿਆਰਥੀਆਂ ਦਾ ਅੰਦਰੂਨੀ ਮੁਲਾਂਕਣ ਕਰਨਗੇ ਅਤੇ ਬੋਰਡ ਵੱਲੋਂ ਜਾਰੀ ਕੀਤੇ ਲਿੰਕ ’ਤੇ ਅੰਕਾਂ ਨੂੰ ਅਪਲੋਡ ਕਰਨਗੇ।
ਇਸ ਦੇ ਨਾਲ ਹੀ ਪ੍ਰੈਕਟੀਕਲ ਪ੍ਰੀਖਿਆ ਜਾਂ ਪ੍ਰਾਜੈਕਟ ਦਾ ਮੁੱਲਾਂਕਣ ਕਰਨ ਲਈ, ਜਿਸ ਵਿਚ ਐਕਸਟਰਨਲ ਐਗਜ਼ਾਮੀਨਰ ਸੀ. ਬੀ. ਐੱਸ. ਈ. ਵੱਲੋਂ ਨਿਯੁਕਤ ਕੀਤੇ ਜਾਂਦੇ ਹਨ। ਅਜਿਹੀ ਸਥਿਤੀ ’ਚ ਐਕਸਟਰਨਲ ਐਗਜ਼ਾਮੀਨਰ ਇੰਟਰਨਲ ਐਗਜ਼ਾਮੀਨਰ ਨਾਲ ਸਲਾਹ ਕਰ ਕੇ ਪ੍ਰੀਖਿਆ ਦੀ ਤਰੀਕ ਤੈਅ ਕਰਨਗੇ ਅਤੇ ਆਨਲਾਈਨ ਮੋਡ ਜ਼ਰੀਏ ਵਿਦਿਆਰਥੀਆਂ ਦਾ ਵਾਇਵਾ ਲੈਣਗੇ।
CBSE ਬੋਰਡ ਨੇ ਸਕੂਲਾਂ ਨੂੰ ਕਿਹਾ ਕਿ ਵਿਦਿਆਰਥੀਆਂ ਦੇ ਅੰਕ ਦਿੱਤੇ ਹੋਏ ਲਿੰਕ ’ਤੇ ਸਾਵਧਾਨੀ ਨਾਲ ਅਪਲੋਡ ਕਰਨ। ਇਕ ਵਾਰ ਅਪਲੋਡ ਕੀਤੇ ਗਏ ਅੰਕਾਂ ’ਚ ਬਾਅਦ ਵਿਚ ਸੁਧਾਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬੋਰਡ ਨੇ ਕਿਹਾ ਕਿ ਇੰਟਰਨਲ ਅਸੈੱਸਮੈਂਟ ਦੌਰਾਨ ਕੋਰੋਨਾ ਪ੍ਰੋਟੋਕਾਲ ਦਾ ਪੂਰਾ ਧਿਆਨ ਰੱਖਣ।