ਪੰਜਾਬ ਕਾਂਗਰਸ ’ਚ ਮਚੇ ਘਮਾਸਾਨ ’ਤੇ ਗਠਿਤ ਤਿੰਨ ਮੈਂਬਰੀ ਕਮੇਟੀ ਅੱਜ ਰਿਪੋਰਟ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਸਕਦੀ ਹੈ। ਪਹਿਲਾਂ ਚਰਚਾ ਸੀ ਕਿ ਇਹ ਰਿਪੋਰਟ ਮੰਗਲਵਾਰ ਨੂੰ ਸੌਂਪੀ ਜਾਵੇਗੀ ਪਰ ਕਮੇਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਮਸ਼ਰੂਫ ਹੋਣ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਦੱਸਿਆ ਕਿ ਖੜਗੇ ਕਿਸੇ ਨਿੱਜੀ ਕਾਰਨ ਕਰ ਕੇ ਦਿੱਲੀ ਤੋਂ ਬਾਹਰ ਸਨ, ਇਸ ਲਈ ਰਿਪੋਰਟ ’ਤੇ ਚਰਚਾ ਨਹੀਂ ਹੋ ਸਕੀ।
ਉੱਧਰ, ਕਿਹਾ ਜਾ ਰਿਹਾ ਹੈ ਕਿ ਪਰਦੇ ਦੇ ਪਿੱਛੇ ਰਾਹੁਲ ਗਾਂਧੀ ਵੀ ਪੰਜਾਬ ’ਚ ਘਮਾਸਾਨ ਨੂੰ ਸ਼ਾਂਤ ਕਰਨ ਲਈ ਕਾਫ਼ੀ ਸਰਗਰਮ ਹਨ। ਉਨ੍ਹਾਂ ਨੇ ਪੰਜਾਬ ਦੇ ਕਈ ਆਗੂਆਂ ਨਾਲ ਸਿੱਧੀ ਗੱਲਬਾਤ ਵੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਆਗੂਆਂ ਨੂੰ ਵਿਰੋਧ ਦੀ ਚੰਗਿਆੜੀ ਨੂੰ ਹਵਾ ਦੇਣ ਦੀ ਥਾਂ 2022 ਦੀਆਂ ਵਿਧਾਨ ਸਭਾ ਚੋਣਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਗੱਲ ਕਹੀ ਹੈ।
ਬੇਸ਼ੱਕ ਤਿੰਨ ਮੈਂਬਰੀ ਕਮੇਟੀ ਲਗਾਤਾਰ ਰਿਪੋਰਟ ’ਤੇ ਮਹਾਮੰਥਨ ਕਰ ਰਹੀ ਹੈ ਪਰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹਾਲੇ ਵੀ ਤਸਵੀਰ ਸਾਫ਼ ਨਹੀਂ ਹੋ ਸਕੀ ਹੈ। ਕਿਹਾ ਜਾ ਰਿਹਾ ਹੈ ਕਿ ਸਿੱਧੂ ’ਤੇ ਆਖ਼ਰੀ ਫ਼ੈਸਲਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ’ਤੇ ਛੱਡ ਦਿੱਤਾ ਗਿਆ ਹੈ। ਰਿਪੋਰਟ ਜਮ੍ਹਾਂ ਹੋਣ ਤੋਂ ਬਾਅਦ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਹੀ ਸਿੱਧੂ ਦੇ ਭਵਿੱਖ ਦਾ ਫ਼ੈਸਲਾ ਕਰਨਗੇ। ਹਾਲਾਂਕਿ ਸਿੱਧੂ ਦੇ ਕਰੀਬੀਆਂ ਦਾ ਦਾਅਵਾ ਹੈ ਕਿ ਸਿੱਧੂ ਨੂੰ ਛੇਤੀ ਹੀ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਇਸ ਤਹਿਤ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਜਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਤਾਇਨਾਤ ਕੀਤਾ ਜਾ ਸਕਦਾ ਹੈ। ਉੱਧਰ, ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਖੇਮੇ ਵਿਚ ਚਰਚਾ ਹੈ ਕਿ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਮਿਲੇਗੀ।