ਪੰਜਾਬ ਭਰ ਚ ਅੱਤ ਦੀ ਗਰਮੀ ਜੋਰਾਂ-ਸ਼ੋਰਾਂ ਤੇ ਪੈ ਰਹੀ ਹੈ। ਉੱਧਰ ਹੀ ਲੁਧਿਆਣਾ ’ਚ ਲੂ ਦੇ ਕਹਿਰ ਨਾਲ ਲੁਧਿਆਣਵੀਂ ਬੇਹਾਲ ਨਜ਼ਰ ਆਏ। ’ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਪਰ ਮਹਿਸੂਸ ਇੰਝ ਹੋ ਰਿਹਾ ਸੀ ਕਿ ਜਿਵੇਂ ਪਾਰਾ 45 ਡਿਗਰੀ ਸੈਲਸੀਅਸ ’ਤੇ ਪੁੱਜ ਗਿਆ ਹੋਵੇ।ਦੁਪਹਿਰ ਦੇ ਸਮੇਂ ਸੜਕਾਂ ’ਤੇ ਅੱਗ ਦੇ ਰੂਪ ਵਿਚ ਵਰ੍ਹ ਰਹੀ ਗਰਮੀ ਦੀ ਵਜ੍ਹਾ ਨਾਲ ਪੂਰੀ ਤਰ੍ਹਾਂ ਸੰਨਾਟਾ ਛਾਇਆ ਰਿਹਾ। ਰਾਹਗੀਰ ਅਤੇ ਪਸ਼ੂ-ਪੰਛੀ ਛਾਂ ਅਤੇ ਪਾਣੀ ਦੀ ਭਾਲ ਵਿਚ ਭਟਕਦੇ ਦਿਖਾਈ ਦਿੱਤੇ, ਜਦੋਂ ਕਿ ਘੱਟੋ-ਘੱਟ ਤਾਪਮਾਨ 29.6 ਡਿਗਰੀ ਸੈਲਸੀਅਸ ਰਿਹਾ। ਸਵੇਰ ਸਮੇਂ ਹਵਾ ਵਿਚ ਨਮੀ ਦੀ ਮਾਤਰਾ 55 ਫ਼ੀਸਦੀ ਅਤੇ ਸ਼ਾਮ ਨੂੰ 30 ਫ਼ੀਸਦੀ ਰਿਕਾਰਡ ਕੀਤੀ ਗਈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਇੰਚਾਰਜ ਡਾ. ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ 2017 ਵਿਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 45 ਡਿਗਰੀ ਸੈਲਸੀਅਸ ਨੂੰ ਪਾਰ ਕਰਦੇ ਹੋਏ 45.8 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਸੀ। ਉਨ੍ਹਾਂ ਦੱਸਿਆ ਕਿ ਜੂਨ ਮਹੀਨੇ ਦੌਰਾਨ ਗਰਮੀ ਆਪਣੇ ਰੰਗ ਵਿਚ ਕਹਿਰ ਢਾਹੁੰਦੀ ਹੈ ਤੇ ਇਸ ਮਹੀਨੇ ਵੱਧ ਤੋਂ ਵੱਧ ਤਾਮਪਾਨ ਦੇ ਨਵੇਂ ਰਿਕਾਰਡ ਵੀ ਬਣਦੇ ਹਨ।