ਪੰਜਾਬ

ਮਹਿਲਾ ਕਮਿਸ਼ਨ ਨੇ ਇੱਕ ਹੋਰ ਔਰਤ ਦੀ ਕੀਤੀ ਮਦਦ, ਮਿਲਵਾਇਆ ਮਾਂ ਤੋਂ ਵਿਛੜਿਆ ਪੁੱਤ…..

ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ਼੍ਰੀਮਤੀ ਮਨੀਸ਼ਾ ਗੁਲਾਟੀ ਦੀਆਂ ਕੋਸ਼ਿਸ਼ਾਂ ਨਾਲ ਅੰਮ੍ਰਿਤਸਰ ਵਿੱਚ ਰਹਿੰਦੇ ਸੁਹਰੇ ਪਰਿਵਾਰ ਵੱਲੋਂ ਦੇਰ ਰਾਤ ਘਰੋਂ ਕੱਢੀ ਇਕ ਔਰਤ ਨੂੰ ਪੁਲਸ ਕਮਿਸ਼ਨਰ ਅੰਮ੍ਰਿਤਸਰ ਨੇ ਕੁਝ ਘੰਟਿਆਂ ਵਿੱਚ ਇਨਸਾਫ ਦਿਵਾ ਦਿੱਤਾ। ਮਹਿਲਾ ਕਮਿਸ਼ਨ ਨੇ ਜਿਥੇ ਇਕ ਪਾਸੇ ਸੁਹਰੇ ਪਰਿਵਾਰ ਕੋਲੋਂ ਪੀੜਤ ਵਿਆਹੁਤਾ ਦਾ 8 ਮਹੀਨੇ ਦਾ ਬੱਚਾ ਵਾਪਸ ਲੈ ਕੇ ਦਿੱਤਾ, ਉੱਥੇ ਪੁਲਸ ਕੇਸ ਦਰਜ ਕਰਕੇ ਮਾਮਲਾ ਇਨਸਾਫ ਲਈ ਅਦਾਲਤ ਵਿੱਚ ਪੇਸ਼ ਕਰ ਦਿੱਤਾ।

ਇਸ ਮੌਕੇ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਬੀਤੇ ਦਿਨ ਮੈਨੂੰ ਰਾਤ 11 ਵਜੇ ਇਕ ਔਰਤ ਨੇ ਰੋਂਦੇ ਹੋਏ ਦੱਸਿਆ ਕਿ ਮੈਂ ਥਾਣਾ ਅੰਮ੍ਰਿਤਸਰ ਕੈਂਟ ਦੇ ਬਾਹਰ ਖੜ੍ਹੀ ਹਾਂ। ਸੁਹਰੇ ਪਰਿਵਾਰ ਨੇ ਮੈਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਹੈ ਅਤੇ ਮੇਰਾ ਬੱਚਾ ਵੀ ਖੋਹ ਲਿਆ ਹੈ। ਉਨ੍ਹਾਂ ਨੇ ਤੁਰੰਤ ਇਹ ਮਾਮਲਾ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਦੇ ਧਿਆਨ ਵਿੱਚ ਲਿਆਂਦਾ, ਜਿਨਾਂ ਨੇ ਏ. ਸੀ. ਪੀ. ਕੰਵਲਪ੍ਰੀਤ ਕੌਰ ਨੂੰ ਮੌਕੇ ’ਤੇ ਭੇਜ ਕੇ ਸੁਹਰੇ ਪਰਿਵਾਰ ਨਾਲ ਗੱਲ ਕਰਨ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਵੀ ਐੱਸ. ਡੀ. ਐੱਮ. ਦੀ ਡਿਊਟੀ ਇਸ ਨੇਕ ਕੰਮ ਵਿੱਚ ਲਗਾ ਦਿੱਤੀ। ਪੀੜ੍ਹਤ ਔਰਤ ਜਿਸ ਦਾ ਪਤੀ ਪੇਸ਼ੇ ਵਜੋਂ ਵਕੀਲ ਹੈ, ਨੇ ਜਿੱਥੇ ਆਪਣੀ ਪਤਨੀ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ, ਉਥੇ ਉਸ ਨੇ ਪੁਲਸ ਤੇ ਕਮਿਸ਼ਨ ਬਾਰੇ ਵੀ ਬੁਰਾ-ਭਲਾ ਕਿਹਾ। ਪੁਲਸ ਨੇ ਰਾਤ ਨੂੰ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਕੇ ਪਰਿਵਾਰ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾ ਮਾਰਿਆ ਪਰ ਸਾਰੇ ਬੱਚੇ ਸਮੇਤ ਘਰੋਂ ਭੱਜ ਗਏ। ਪੁਲਸ ਨੇ ਉਕਤ ਪਰਿਵਾਰ ਦੀ ਭਾਲ ਕਰਕੇ ਉਨ੍ਹਾਂ ਤੋਂ ਬੱਚਾ ਲੈ ਕੇ ਮਾਂ ਦੇ ਹਵਾਲੇ ਕਰ ਦਿੱਤਾ। ਦੂਜੇ ਪਾਸੇ ਅਦਾਲਤ ਵੱਲੋਂ ਵੀ ਉਕਤ ਪਤੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਇਸ ਵੇਲੇ ਉਹ ਹਵਾਲਾਤ ਵਿੱਚ ਹੈ।

Leave a Comment

Your email address will not be published.

You may also like

Skip to toolbar