ਬਠਿੰਡਾ ਵਿੱਚ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਜੱਸਾ ਦੇ ਕਤਲ ਕੇਸ ਮਾਮਲੇ ‘ਚ ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਚਾਉਕੀ ਚੌਕੀ ਦੇ ਇੰਚਾਰਜ ਸਮੇਤ ਸਾਰੇ ਸਟਾਫ ਦਾ ਤਬਾਦਲਾ ਕਰ ਦਿੱਤਾ ਹੈ।ਦੱਸ ਦੇਈਏ ਕਿ ਪਿੰਡ ਚਾਉਕੇ ਚ ਰਹਿਣ ਵਾਲੇ ਕੁਝ ਨੌਜਵਾਨਾਂ ਅਤੇ ਕਬੱਡੀ ਖਿਡਾਰੀ ਚਿੱਟਾ ਵੇਚਦੇ ਸਨ। ਕਬੱਡੀ ਖਿਡਾਰੀ ਹਰਵਿੰਦਰ ਸਿੰਘ ਇੰਨ੍ਹਾਂ ਲੋਕਾਂ ਨੂੰ ਨਸ਼ਾ ਵੇਚਣ ਤੋਂ ਰੋਕਦਾ ਸੀ ਜਿਸ ਕਾਰਨ 26 ਮਈ ਨੂੰ ਕਰੀਬ ਅੱਧੀ ਦਰਜਨ ਲੋਕਾਂ ਨੇ ਤੇਜਧਾਰ ਹਥਿਆਰਾਂ ਨਾਲ ਜੱਸੇ ‘ਤੇ ਹਮਲਾ ਕੀਤਾ। ਇਸ ਸਭ ਦੀ ਸੂਚਨਾ ਪਿੰਡ ਵਾਲਿਆਂ ਨੇ ਪੁਲਿਸ ਨੂੰ ਵੀ ਦਿੱਤੀ ਪਰ ਮੌਕੇ ‘ਤੇ ਪੁਲਿਸ ਨਹੀਂ ਪਹੁੰਚੀ। ਹਰਵਿੰਦਰ ਜੱਸਾ ਨੂੰ ਪਹਿਲਾਂ ਰਾਮਪੂਰਾ ਫੂਲ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ, ਸਿਹਤ ਜਿਆਦਾ ਵਿਗੜਨ ਕਾਰਨ ਲੁਧਿਆਣਾ ਦੇ ਡੀ.ਐੱਮ.ਸੀ ਹਸਪਤਾਲ ਰੈਫਰ ਕਰ ਦਿੱਤਾ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਉਧਰ ਹੀ ਐੱਸਐੱਸਪੀ ਨੇ ਦਾਅਵਾ ਕੀਤਾ ਹੈ ਕਿ ਜੱਸਾ ਦਾ ਕਤਲ ਡਰੱਗਜ ਨੂੰ ਲੈ ਕੇ ਨਹੀਂ ਬਲਕਿ ਮੁਰਗੀ ਚੋਰੀ ਦੇ ਵਿਵਾਦ ਨੂੰ ਲੈ ਕੇ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਮੁਰਗੀ ਚੋਰੀ ਦੀ ਸ਼ਿਕਾਇਤ ਲੈ ਕੇ ਜੱਸਾ ਪੁਲਿਸ ਥਾਣੇ ਆਇਆ ਸੀ ਪਰ ਪੁਲਿਸ ਮੁਲਾਜ਼ਮਾਂ ਨੇ ਸ਼ਿਕਾਇਤ ਨਹੀਂ ਸੁਣੀ। ਇਸ ਤੋਂ ਬਾਅਦ ਦੋਹਾਂ ਧਿਰਾਂ ਵਿਚਕਾਰ ਵਿਵਾਦ ਸ਼ੁਰੂ ਹੋ ਗਿਆ।
ਹਰਵਿੰਦਰ ਦੀ ਮੌਤ ਤੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਰੋਸ ਜਿਤਾਉਂਦੇ ਪੁਲਿਸ ਚੌਕੀ ਦੇ ਅੱਗੇ ਧਰਨਾ ਲਗਾਇਆ। ਧਰਨੇ ਕਾਰਨ ਵੀ ਜਦ ਕੋਈ ਕਾਰਵਾਈ ਨਾ ਹੋਈ ਤਾਂ ਐੱਸਐੱਸਪੀ ਬਠਿੰਡਾ ਦੇ ਦਫਤਰ ਦਾ ਘਿਰਾਓ ਕੀਤਾ ਗਿਆ ਤੇ ਜਿਸ ਤੋਂ ਬਾਅਦ ਅੰਬੇਦਕਰ ਪਾਰਕ ਵਿੱਚ ਧਰਨਾ ਲਗਾਇਆ ਗਿਆ।