ਨਗਰ ਕੌਂਸਲ ਅੰਦਰ ਕੂੜੇ ਦੀਆਂ ਟਰਾਲੀਆਂ ਲਾਹੁਣ ਦੇ ਦੋਸ਼ਾਂ ਤਹਿਤ ਆਮ ਆਦਮੀ ਪਾਰਟੀ ਦੇ ਆਗੂ ਜਗਦੀਪ ਸੰਧੂ ਅਤੇ ਉਸਦੇ ਸਾਥੀਆਂ ਤੇ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਬੀਤੇ ਦਿਨ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰ੍ਹੀਆ ਦੇ ਬਿਆਨਾਂ ਤੇ ਉਨ੍ਹਾਂ ਦੇ ਘਰ ਅੱਗੇ ਕੂੜਾ ਖਿਲਾਰਨ ਦੇ ਕਥਿਤ ਦੋਸ਼ਾਂ ’ਚ ਜਗਦੀਪ ਸੰਧੂ, ਕੌਂਸਲਰ ਹਰਦੀਪ ਸਿੰਘ ਅਤੇ ਭਿੰਦਾ ਤੋਂ ਇਲਾਵਾ 15-20 ਹੋਰ ਆਗੂਆਂ ਤੇ ਮੁਕੱਦਮਾ ਨੰਬਰ 150 ਦਰਜ ਕੀਤਾ ਗਿਆ ਸੀ।
ਹੁਣ ਨਗਰ ਕੌਂਸਲ ’ਚ ਕੂੜਾ ਖਿਲਾਰਣ ਦੇ ਮਾਮਲੇ ਸਬੰਧੀ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸੰਧੂ, ਕੌਂਸਲਰ ਹਰਦੀਪ ਸਿੰਘ, ਆਪ ਆਗੂ ਭਿੰਦਾ ਅਤੇ 15-20 ਅਣਪਛਾਤਿਆਂ ਤੇ ਕਾਰਜ ਸਾਧਕ ਅਫ਼ਸਰ ਦੇ ਬਿਆਨਾਂ ਤੇ ਮੁਕੱਦਮਾ ਨੰਬਰ 151 ਦਰਜ ਕੀਤਾ ਗਿਆ ਹੈ। ਜਿਸ ਵਿਚ ਸਰਕਾਰੀ ਕੰਮ ’ਚ ਵਿਘਨ ਪਾਉਣ ਸਮੇਤ ਹੋਰ ਕਥਿਤ ਦੋਸ਼ ਲਾਏ ਗਏ ਹਨ।
ਕਾਰਜ ਸਾਧਕ ਅਫ਼ਸਰ ਦੇ ਬਿਆਨਾਂ ਤੇ ਆਈ.ਪੀ.ਸੀ. ਦੀ ਧਾਰਾ 186,188,149 ਅਤੇ ਧਾਰਾ 3 ਡੀ.ਐਮ.ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਆਪ ਆਗੂ ਜਗਦੀਪ ਸੰਧੂ ਨੇ ਆਪ ਵਰਕਰਾਂ ਨੂੰ ਨਾਲ ਲੈ ਕੇ ਸ਼ਹਿਰ ਦੀ ਸਫਾਈ ਵਿਵਸਥਾ ਸਬੰਧੀ ਪ੍ਰਦਰਸ਼ਨ ਕਰਦਿਆਂ ਕੂੜੇ ਦੀ ਇਕ ਟਰਾਲੀ ਨਗਰ ਕੌਂਸਲ ਦਫਤਰ ਅਤੇ ਦੂਜੀ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰ੍ਹੀਆ ਦੀ ਰਿਹਾਇਸ਼ ਅੱਗੇ ਉਤਾਰੀ ਸੀ। ਜਿਸ ਸਬੰਧੀ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।