ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਰਲ ਕੇ ਲੜਨਗੇ। ਗੱਠਜੋੜ ਦਾ ਅਧਿਕਾਰਤ ਐਲਾਨ ਅੱਜ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫ਼ਤਰ ’ਚ ਦੋਹਾਂ ਪਾਰਟੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਦੌਰਾਨ ਕੀਤਾ ਗਿਆ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਸੀਨੀਅਰ ਆਗੂ ਸਤੀਸ਼ ਮਿਸ਼ਰਾ ਵੱਲੋਂ ਮੀਟਿੰਗ ਕਰਕੇ ਗੱਠਜੋੜ ਕੀਤਾ ਗਿਆ। ਦਸ ਦੇਈਏ ਕਿ ਅਕਾਲੀ ਦਲ ਅਤੇ ਬਸਪਾ ਤਕਰੀਬਨ 25 ਸਾਲਾਂ ਬਾਅਦ ਇੱਕ-ਦੂਜੇ ਦੇ ਨਜ਼ਦੀਕ ਆ ਰਹੇ ਹਨ। ਇਸ ਤੋਂ ਪਹਿਲਾਂ ਸਾਲ 1996 ਵਿੱਚ ਦੋਹਾਂ ਪਾਰਟੀਆਂ ਨੇ ਸੰਸਦੀ ਚੋਣਾਂ ਇਕੱਠਿਆਂ ਲੜਦਿਆਂ 13 ਵਿੱਚੋਂ 12 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।
ਸੂਤਰਾਂ ਮੁਤਾਬਕ ਚੋਣਾਂ ਤੋਂ ਪਹਿਲਾਂ ਦੋਵੇਂ ਪਾਰਟੀਆਂ ਦਰਮਿਆਨ ਗੱਠਜੋੜ ਨਾਲ ਸੂਬੇ ਦੀ ਸਿਆਸਤ ’ਤੇ ਵੱਡਾ ਅਸਰ ਪਵੇਗਾ।ਸੂਤਰਾਂ ਨੇ ਕਿਹਾ ਕਿ ਸੁਖਬੀਰ ਬਾਦਲ ਨਾਲ ਹੋਈਆਂ ਮੀਟਿੰਗਾਂ ਤੋਂ ਬਾਅਦ ਬਸਪਾ ਸੁਪਰੀਮੋ ਮਾਇਆਵਤੀ ਨੇ ਅਕਾਲੀ ਦਲ ਨਾਲ ਪੰਜਾਬ ਅੰਦਰ ਸਿਆਸੀ ਗੱਠਜੋੜ ਲਈ ਕੁੱਝ ਮਹੀਨੇ ਪਹਿਲਾਂ ਹੀ ਹਰੀ ਝੰਡੀ ਦੇ ਦਿੱਤੀ ਸੀ। ਸੀਟਾਂ ’ਤੇ ਸਹਿਮਤੀ ਬਣਨ ’ਚ ਦੇਰੀ ਹੋਣ ਕਾਰਨ ਸਿਆਸੀ ਸਮਝੌਤੇ ਦਾ ਰਸਮੀ ਐਲਾਨ ਲਟਕਿਆ ਹੋਇਆ ਸੀ।
ਪੰਜਾਬ ਵਿੱਚ ਦਲਿਤਾਂ ਦੀ ਆਬਾਦੀ ਦਾ ਹਿੱਸਾ ਪੂਰੇ ਮੁਲਕ ਨਾਲੋਂ ਵੀ ਜ਼ਿਆਦਾ ਭਾਵ 33 ਫੀਸਦੀ ਤੋਂ ਵੱਧ ਹੈ ਜਦੋਂ ਕਿ ਕੌਮੀ ਔਸਤ 16 ਤੋਂ 17 ਫੀਸਦੀ ਮੰਨੀ ਜਾਂਦੀ ਹੈ। ਇਹੋ ਕਾਰਨ ਹੈ ਕਿ ਭਾਜਪਾ ਅਤੇ ਕਾਂਗਰਸ ਵੱਲੋਂ ਦਲਿਤਾਂ ਨੂੰ ਰਿਝਾਉਣ ਲਈ ਮੁੱਖ ਮੰਤਰੀ ਤੇ ਹੋਰ ਅਹੁਦਿਆਂ ਦਾ ਪੱਤਾ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਦਲਿਤਾਂ ਦੀ ਵੋਟ ਹਾਸਲ ਕਰਨ ਲਈ ਉਪ ਮੁੱਖ ਮੰਤਰੀ ਦਾ ਅਹੁਦਾ ਦਲਿਤ ਆਗੂ ਨੂੰ ਦੇਣ ਦਾ ਦਾਅ ਖੇਡਿਆ ਹੈ।