ਮੱਧ ਪ੍ਰਦੇਸ਼ ਦੇ ਉਜੈਨ ‘ਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲਿਆਂ ‘ਚ ਲਗਾਤਾਰ ਕਮੀ ਆਉਣ ਦੇ ਮੱਦੇਨਜ਼ਰ ਪ੍ਰਸਿੱਧ ਮਹਾਕਾਲੇਸ਼ਵਰ ਮੰਦਰ ਨੂੰ 80 ਦਿਨਾਂ ਬਾਅਦ 28 ਜੂਨ ਤੋਂ ਸ਼ਰਧਾਲੂਆਂ ਲਈ ਮੁੜ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਮਹਾਕਾਲੇਸ਼ਵਰ ਮੰਦਰ ਪ੍ਰਬੰਧਨ ਕਮੇਟੀ ਦੇ ਇਕ ਮੈਂਬਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਸੰਕਰਮਣ ਦੀ ਦੂਜੀ ਲਹਿਰ ਕਾਰਨ ਮੰਦਰ ਨੂੰ ਇਸ ਸਾਲ 9 ਅਪ੍ਰੈਲ ਤੋਂ ਜਨਤਾ ਲਈ ਬੰਦ ਕਰ ਦਿੱਤਾ ਗਿਆ ਸੀ। ਮਹਾਮਾਰੀ ਕਾਰਨ ਮੰਦਰ ਨੂੰ ਅਪ੍ਰੈਲ 2021 ‘ਚ ਦੂਜੀ ਵਾਰ ਬੰਦ ਕਰਨਾ ਪਿਆ ਸੀ।
ਮੰਦਰ ਦੇ ਸਹਾਇਕ ਪ੍ਰਸ਼ਾਸਕ ਆਰ.ਕੇ. ਤਿਵਾੜੀ ਨੇ ਫੋਨ ‘ਤੇ ਦੱਸਿਆ,”ਜ਼ਿਲ੍ਹਾ ਆਫ਼ਤ ਪ੍ਰਬੰਧਨ ਕਮੇਟੀ ਦੀ ਸ਼ੁੱਕਰਵਾਰ ਦੀ ਬੈਠਕ ‘ਚ ਮੰਦਰ ਨੂੰ ਸ਼ਰਧਾਲੂਆਂ ਲਈ ਮੁੜ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ। ਮੰਦਰ ਪ੍ਰਬੰਧਨ ਕਮੇਟੀ ਵਲੋਂ ਇਕ ਹਫ਼ਤੇ ਅੰਦਰ ਇਸ ਦੀ ਰੂਪਰੇਖਾ ਤੈਅ ਕੀਤੀ ਜਾਵੇਗੀ। ਮੰਦਰ ‘ਚ ਪ੍ਰਵੇਸ਼ ਕਰਨ ਵਾਲੇ ਲੋਕਾਂ ਨੂੰ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਸਾਰੇ ਸੁਰੱਖਿਆ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ।”
ਉਨ੍ਹਾਂ ਦੱਸਿਆ,”ਭਗਤਾਂ ਨੂੰ ਮੰਦਰ ‘ਚ ਪ੍ਰਵੇਸ਼ ਕਰਨ ਲਈ ਆਨਲਾਈਨ ਰਜਿਸਟਰੇਸ਼ਨ ਕਰਨਾ ਹੁੰਦਾ ਹੈ। ਰਜਿਟਰੇਸ਼ਨ ਦੇ ਨਾਲ ਸ਼ਰਧਾਲੂਆਂ ਨੂੰ ਟੀਕਾਕਰਨ ਪ੍ਰਮਾਣਪੱਤਰ ਸਮੇਤ ਕੋਰੋਨਾ ਦੀ ਜਾਂਚ ਰਿਪੋਰਟ ਦੇਣੀ ਹੋਵੇਗੀ, ਜਿਸ ‘ਚ ਸੰਕਰਮਣ ਦੀ ਪੁਸ਼ਟੀ ਨਾ ਹੋਵੇ।” ਤਿਵਾੜੀ ਨੇ ਦੱਸਿਆ ਕਿ ਜੋ ਸ਼ਰਧਾਲੂ ਆਪਣੀ ਜਾਂਚ ਰਿਪੋਰਟ ਨਹੀਂ ਲਿਆ ਸਕਦੇ ਹਨ, ਉਨ੍ਹਾਂ ਦੀ ਤੁਰੰਤ ਜਾਂਚ ਕਰਨ ਲਈ ਇੱਥੇ ਇਕ ਕੇਂਦਰ ਸਥਾਪਤ ਕੀਤਾ ਜਾਵੇਗਾ। ਦੇਸ਼ ‘ਚ ਭਗਵਾਨ ਸ਼ਿਵ ਦੇ 12 ਜੋਤੀਲਿੰਗਾਂ ‘ਚ ਉਜੈਨ ਦਾ ਮਹਾਕਾਲੇਸ਼ਵਰ ਮੰਦਰ ਵੀ ਇਕ ਹੈ। ਇੱਥੇ ਹਰ ਸਾਲ ਵੱਡੀ ਗਿਣਤੀ ‘ਚ ਸ਼ਰਧਾਲੂ ਆਉਂਦੇ ਹਨ।