ਖਰੜ੍ਹ – ਐੱਸ. ਟੀ. ਐੱਫ. ਬੰਗਾਲ ਦੇ ਨਾਲ ਬੀਤੇ ਦਿਨੀਂ ਕੋਲਕਾਤਾ ਅੰਦਰ ਮੁੱਠਭੇੜ ਦੌਰਾਨ ਜਗਰਾਓਂ ਪੁਲਸ ਕਤਲ ਕਾਂਡ ਦੇ 2 ਮੁੱਖ ਦੋਸ਼ੀਆਂ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਮਾਰੇ ਗਏ ਸਨ। ਐਨਕਾਊਂਟਰ ਮਾਰੇ ਗਏ ਖਰੜ ਵਾਸੀ ਜਸਪ੍ਰੀਤ ਜੱਸੀ ਦੀ ਮਿ੍ਰਤਕ ਦੇਹ ਉਸ ਦੇ ਬੀਤੇ ਦਿਨ ਉਸ ਦੇ ਗ੍ਰਹਿ ਵਿਖੇ ਪਹੁੰਚੀ, ਜਿਸ ਦਾ ਭਾਰੀ ਪੁਲਸ ਦੇ ਘੇਰੇ ਅੰਦਰ ਸਥਾਨਕ ਰਾਮਬਾਗ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਿਵੇਂ ਜਸਪ੍ਰੀਤ ਜੱਸੀ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪਰਿਵਾਰ ਧਾਹਾਂ ਮਾਰ ਰੋਇਆ। ਅੰਤਿਮ ਰਸਮਾਂ ਦੌਰਾਨ ਮੁੱਖ ਅਗਨੀ ਭੈਣ ਵੱਲੋਂ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਬੀਤੀ 15 ਮਈ ਨੂੰ ਜਗਰਾਓਂ ਦੀ ਦਾਣਾ ਮੰਡੀ ਅੰਦਰ ਸੀ. ਆਈ. ਏ. ਦੇ ਦੋ ਥਾਣੇਦਾਰਾਂ ਦੇ ਕਤਲ ਦੇ ਮਾਮਲੇ ਵਿਚ ਖਰੜ੍ਹ ਸ਼ਹਿਰ ਨਾਲ ਸਬੰਧਤ ਜਸਪ੍ਰੀਤ ਸਿੰਘ ਜੱਸੀ ਦਾ ਨਾਮ ਸਾਹਮਣੇ ਆਇਆ ਸੀ, ਜਿਸ ਦਾ ਬੀਤੀ 9 ਜੂਨ ਨੂੰ ਕੋਲਕਾਤਾ ਦੇ ਇਕ ਰਿਹਾਇਸ਼ੀ ਅਪਾਰਟਮੈਂਟ ’ਚ ਐਨਕਾਊਂਟਰ ਕਰ ਦਿੱਤਾ ਗਿਆ ਸੀ।
ਉਸ ਦੀ ਮ੍ਰਿਤਕ ਦੇਹ ਕੋਲਕਾਤਾ ਤੋਂ ਜਹਾਜ਼ ਰਾਹੀਂ ਉਸ ਦੇ ਰਿਸ਼ਤੇਦਾਰ ਅਤੇ ਦੋਸਤ ਬਾਅਦ ਦੁਪਹਿਰ ਉਸ ਦੇ ਗ੍ਰਹਿ ਵਿਖੇ ਲੈ ਕੇ ਪਹੁੰਚੇ, ਜਿੱਥੇ ਵੱਡੀ ਗਿਣਤੀ ਵਿਚ ਲੋਕਾਂ ਦਾ ਇਕੱਠ ਸੀ। ਇਸ ਮੌਕੇ ਉਸ ਦੇ ਰਿਸ਼ਤੇਦਾਰ, ਦੋਸਤ ਜੱਸੀ ਨੂੰ ਇਕ ਬਹੁਤ ਵਧੀਆ ਇਨਸਾਨ ਅਤੇ ਲੋੜਵੰਦਾਂ ਦੀ ਹਰ ਸਮੇਂ ਸਹਾਇਤਾ ਕਰਨ ਵਾਲਾ ਦੱਸ ਰਹੇ ਸਨ ਅਤੇ ਉਹ ਇਸ ਐਨਕਾਊਂਟਰ ਨੂੰ ਝੂਠਾ ਦੱਸ ਰਹੇ ਸਨ। ਜਦੋਂ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਮ੍ਰਿਤਕ ਦੇਹ ਦੇ ਸੰਸਕਾਰ ਲਈ ਉਸ ਨੂੰ ਸਥਾਨਕ ਰਾਮ ਬਾਗ ਸ਼ਮਸ਼ਾਨਘਾਟ ਵਿਚ ਲੈ ਕੇ ਪਹੁੰਚੇ ਤਾਂ ਉਥੇ ਮ੍ਰਿਤਕ ਜਸਪ੍ਰੀਤ ਜੱਸੀ ਦੀ ਪਤਨੀ ਲਵਪ੍ਰੀਤ ਕੌਰ ਲਵੀ ਨੂੰ ਪੰਜਾਬ ਪੁਲਸ ਦੀ ਟੀਮ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇੰਸਪੈਕਟਰ ਭਗਵੰਤ ਸਿੰਘ ਦੀ ਅਗਵਾਈ ਵਿਚ ਰੋਪੜ ਜੇਲ੍ਹ ਤੋਂ ਲੈ ਕੇ ਆਈ ਹੋਈ ਸੀ, ਕਿਉਂਕਿ ਉਸ ਦੀ ਪਤਨੀ ਵੱਲੋਂ ਮਾਨਯੋਗ ਅਦਾਲਤ ਵਿਚ ਇਕ ਰਿੱਟ ਪਾ ਕੇ ਆਪਣੇ ਪਤੀ ਦੇ ਸੰਸਕਾਰ ਵਿਚ ਸ਼ਾਮਲ ਹੋਣ ਦੀ ਆਗਿਆ ਮੰਗੀ ਗਈ ਸੀ, ਜਿਸ ’ਤੇ ਅਦਾਲਤ ਵੱਲੋਂ ਮੋਹਾਲੀ ਪੁਲਸ ਨੂੰ ਸ਼ਮਸ਼ਾਨਘਾਟ ਵਿਚ ਉਸ ਨੂੰ ਲੈ ਕੇ ਜਾਣ ਦੇ ਹੁਕਮ ਦਿੱਤੇ ਗਏ ਸਨ।
ਜ਼ਿਕਰਯੋਗ ਹੈ ਕਿ ਜਸਪ੍ਰੀਤ ਦੀ ਪਤਨੀ ਉਤੇ ਇਸ ਕਤਲ ਕਾਂਡ ਤੋਂ ਬਾਅਦ ਸੋਹਾਣਾ ਪੁਲਸ ਵੱਲੋਂ ਜੱਸੀ ਨੂੰ ਪਨਾਹ ਦੇਣ ਆਦਿ ਦੇ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮੌਕੇ ਜਦੋਂ ਪੱਤਰਕਾਰਾਂ ਵੱਲੋਂ ਜੱਸੀ ਦੀ ਪਤਨੀ ਨਾਲ ਗੱਲ ਕਰਨੀ ਚਾਹੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਦਾ ਵਿਰੋਧ ਕਰਦਿਆਂ ਕੁਝ ਵੀ ਕਹਿਣ ਜਾਂ ਦੱਸਣ ਤੋਂ ਸਾਫ਼ ਮਨਾ ਕਰ ਦਿੱਤਾ ਗਿਆ।
ਇਸ ਮੌਕੇ ਮਾਹੌਲ ਉਸ ਸਮੇਂ ਗਮਗੀਨ ਹੋ ਗਿਆ ਜਦੋਂ ਮ੍ਰਿਤਕ ਦੀ ਪਤਨੀ ਨੂੰ ਉਸ ਦਾ ਚਿਹਰਾ ਵਿਖਾਇਆ ਗਿਆ। ਜਸਪ੍ਰੀਤ ਜੱਸੀ ਦੀ ਮ੍ਰਿਤਕ ਦੇਹ ਨੂੰ ਉਸ ਦੀ ਭੈਣ ਸੁਖਪ੍ਰੀਤ ਕੌਰ ਵੱਲੋਂ ਮੁੱਖ ਅਗਨੀ ਭੇਂਟ ਕੀਤੀ ਗਈ। ਪੁਲਸ ਜਸਪ੍ਰੀਤ ਜੱਸੀ ਦੇ ਸੰਸਕਾਰ ਤੋਂ ਬਾਅਦ ਉਸ ਦੀ ਪਤਨੀ ਨੂੰ ਵਾਪਸ ਰੋਪੜ ਜੇਲ੍ਹ ਵਿਖੇ ਲੈ ਕੇ ਜਾਣ ਲਈ ਰਵਾਨਾ ਹੋ ਗਈ। ਇਸੇ ਕੜੀ ਵਿਚ ਪੰਜਾਬ ਪੁਲਸ ਨੇ ਬੀਤੇ ਦਿਨ ਹਰਿਆਣਾ ਤੋਂ ਇਕ ਹੋਰ ਸੁਮਿਤ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦਾ ਦਸਤਾਵੇਜ਼ਾਂ ਦੇ ਸਹਾਰੇ ਜੈਪਾਲ ਅਤੇ ਜੱਸੀ ਦੋਵਾਂ ਨੇ ਕੋਲਕਾਤਾ ਅੰਦਰ ਫਲੈਟ ਕਿਰਾਏ ਉੱਤੇ ਲਿਆ ਸੀ। ਪੁਲਸ ਵੱਲੋਂ ਉਕਤ ਵਿਅਕਤੀ ਪਾਸੋਂ ਹੋਰ ਕਈ ਅਹਿਮ ਸੁਰਾਗ਼ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।