class="bp-nouveau post-template-default single single-post postid-2461 single-format-standard admin-bar no-customize-support wpb-js-composer js-comp-ver-5.7 vc_responsive no-js">
Latest

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (14 ਜੂਨ, 2021)

ਸੋਰਠਿ ਮਹਲਾ ੫ ਘਰੁ ੩ ਚਉਪਦੇ
ੴ ਸਤਿਗੁਰ ਪ੍ਰਸਾਦਿ॥

ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥ ਸਿਕਦਾਰਹੁ ਨਹ ਪਤੀਆਇਆ ॥ ਉਮਰਾਵਹੁ ਆਗੈ ਝੇਰਾ ॥ ਮਿਲਿ ਰਾਜਨ ਰਾਮ ਨਿਬੇਰਾ ॥੧॥ ਅਬ ਢੂਢਨ ਕਤਹੁ ਨ ਜਾਈ ॥ ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥ ਆਇਆ ਪ੍ਰਭ ਦਰਬਾਰਾ ॥ ਤਾ ਸਗਲੀ ਮਿਟੀ ਪੂਕਾਰਾ ॥ ਲਬਧਿ ਆਪਣੀ ਪਾਈ ॥ ਤਾ ਕਤ ਆਵੈ ਕਤ ਜਾਈ ॥੨॥ ਤਹ ਸਾਚ ਨਿਆਇ ਨਿਬੇਰਾ ॥ ਊਹਾ ਸਮ ਠਾਕੁਰੁ ਸਮ ਚੇਰਾ ॥ ਅੰਤਰਜਾਮੀ ਜਾਨੈ ॥ ਬਿਨੁ ਬੋਲਤ ਆਪਿ ਪਛਾਨੈ ॥੩॥ ਸਰਬ ਥਾਨ ਕੋ ਰਾਜਾ ॥ ਤਹ ਅਨਹਦ ਸਬਦ ਅਗਾਜਾ ॥ ਤਿਸੁ ਪਹਿ ਕਿਆ ਚਤੁਰਾਈ ॥ ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥

ਸੋਮਵਾਰ, ੩੨ ਜੇਠ (ਸੰਮਤ ੫੫੩ ਨਾਨਕਸ਼ਾਹੀ)    ਅੰਗ: ੬੨੧

ਸੋਰਠਿ ਮਹਲਾ ੫ ਘਰੁ ੩ ਚਉਪਦੇ
ੴ ਸਤਿਗੁਰ ਪ੍ਰਸਾਦਿ॥

ਹੇ ਭਾਈ! ਨਗਰ ਦੇ ਪੈਂਚਾਂ ਨੂੰ ਮਿਲ ਕੇ (ਕਾਮਾਦਿਕ ਵੈਰੀਆਂ ਤੋਂ ਪੈ ਰਿਹਾ) ਸਹਿਮ ਦੂਰ ਨਹੀਂ ਕੀਤਾ ਜਾ ਸਕਦਾ । ਸਰਦਾਰਾਂ ਲੋਕਾਂ ਤੋਂ ਭੀ ਤਸੱਲੀ ਨਹੀਂ ਮਿਲ ਸਕਦੀ (ਕਿ ਇਹ ਵੈਰੀ ਤੰਗ ਨਹੀਂ ਕਰਨਗੇ) ਸਰਕਾਰੀ ਹਾਕਮਾਂ ਅੱਗੇ ਭੀ ਇਹ ਝਗੜਾ (ਪੇਸ਼ ਕੀਤਿਆਂ ਕੁਝ ਨਹੀਂ ਬਣਦਾ) ਪ੍ਰਭੂ ਪਾਤਿਸ਼ਾਹ ਨੂੰ ਮਿਲ ਕੇ ਫ਼ੈਸਲਾ ਹੋ ਜਾਂਦਾ ਹੈ (ਤੇ, ਕਾਮਾਦਿਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ) ।੧। ਜਦੋਂ ਗੋਬਿੰਦ ਨੂੰ, ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ, ਤਦੋਂ ਹੁਣ (ਕਾਮਾਦਿਕ ਵੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਣ ਲਈ) ਕਿਸੇ ਹੋਰ ਥਾਂ (ਆਸਰਾ) ਭਾਲਣ ਦੀ ਲੋੜ ਨਾਹ ਰਹਿ ਗਈ ।ਰਹਾਉ। ਹੇ ਭਾਈ! ਜਦੋਂ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਦਾ ਹੈ (ਚਿੱਤ ਜੋੜਦਾ ਹੈ), ਤਦੋਂ ਇਸ ਦੀ (ਕਾਮਾਦਿਕ ਵੈਰੀਆਂ ਦੇ ਵਿਰੁੱਧ) ਸਾਰੀ ਸ਼ਿਕੈਤ ਮੁੱਕ ਜਾਂਦੀ ਹੈ । ਤਦੋਂ ਮਨੁੱਖ ਉਹ ਵਸਤ ਹਾਸਲ ਕਰ ਲੈਂਦਾ ਹੈ ਜੋ ਸਦਾ ਇਸ ਦੀ ਆਪਣੀ ਬਣੀ ਰਹਿੰਦੀ ਹੈ, ਤਦੋਂ ਵਿਕਾਰਾਂ ਦੇ ਢਹੇ ਚੜ੍ਹ ਕੇ ਭਟਕਣੋਂ ਬਚ ਜਾਂਦਾ ਹੈ ।੨। ਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਸਦਾ ਕਾਇਮ ਰਹਿਣ ਵਾਲੇ ਨਿਆਂ ਅਨੁਸਾਰ (ਕਾਮਾਦਿਕਾਂ ਨਾਲ ਹੋ ਰਹੀ ਟੱਕਰ ਦਾ) ਫ਼ੈਸਲਾ ਹੋ ਜਾਂਦਾ ਹੈ । ਉਸ ਦਰਗਾਹ ਵਿਚ (ਜਾਬਰਾਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ) ਮਾਲਕ ਤੇ ਨੌਕਰ ਇਕੋ ਜਿਹਾ ਸਮਝਿਆ ਜਾਂਦਾ ਹੈ । ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ (ਹਜ਼ੂਰੀ ਵਿਚ ਪਹੁੰਚੇ ਹੋਏ ਸਵਾਲੀਏ ਦੇ ਦਿਲ ਦੀ) ਜਾਣਦਾ ਹੈ, (ਉਸ ਦੇ) ਬੋਲਣ ਤੋਂ ਬਿਨਾ ਉਹ ਪ੍ਰਭੂ ਆਪ (ਉਸ ਦੇ ਦਿਲ ਦੀ ਪੀੜਾ ਨੂੰ) ਸਮਝ ਲੈਂਦਾ ਹੈ ।੩। ਹੇ ਭਾਈ! ਪ੍ਰਭੂ ਸਾਰੇ ਥਾਵਾਂ ਦਾ ਮਾਲਕ ਹੈ, ਉਸ ਨਾਲ ਮਿਲਾਪ-ਅਵਸਥਾ ਵਿਚ ਮਨੁੱਖ ਦੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਇਕ-ਰਸ ਪੂਰਾ ਪ੍ਰਭਾਵ ਪਾ ਲੈਂਦੀ ਹੈ (ਤੇ, ਮਨੁੱਖ ਉੱਤੇ ਕਾਮਾਦਿਕ ਵੈਰੀ ਆਪਣਾ ਜ਼ੋਰ ਨਹੀਂ ਪਾ ਸਕਦੇ) । (ਪਰ, ਹੇ ਭਾਈ! ਉਸ ਨੂੰ ਮਿਲਣ ਵਾਸਤੇ) ਉਸ ਨਾਲ ਕੋਈ ਚਲਾਕੀ ਨਹੀਂ ਕੀਤੀ ਜਾ ਸਕਦੀ । ਹੇ ਨਾਨਕ! (ਆਖ—ਹੇ ਭਾਈ! ਜੇ ਉਸ ਨੂੰ ਮਿਲਣਾ ਹੈ, ਤਾਂ) ਆਪਾ-ਭਾਵ ਗਵਾ ਕੇ (ਉਸ ਨੂੰ) ਮਿਲ ।੪।੧।੫੧।

Leave a Comment

Your email address will not be published.

You may also like

Skip to toolbar