ਪੰਜਾਬ ‘ਚ ਜਲਦ ਲਾਕਡਾਊਨ ਤੋਂ ਰਾਹਤ ਮਿਲ ਸਕਦੀ ਹੈ। ਸੂਬਾ ਸਰਕਾਰ ਲਾਕਡਾਊਨ ਵਧਾਉਣ ਜਾਂ ਕੁਝ ਹੋਰ ਰਿਆਇਤਾਂ ਦੇਣ ਸਬੰਧੀ ਅੱਜ ਫ਼ੈਸਲਾ ਲੈ ਸਕਦੀ ਹੈ। ਪਿਛਲੀ ਵਾਰ 7 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਘੱਟ ਰਹੇ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਨੂੰ ਦੇਖਦੇ ਹੋਏ ਕਈ ਪਾਬੰਦੀਆਂ ਹਟਾ ਲਈਆਂ ਸਨ। ਨਾਲ ਹੀ ਸ਼ਨਿਚਰਵਾਰ ਦਾ ਲਾਕਡਾਊਨ ਵੀ ਖ਼ਤਮ ਕਰ ਦਿੱਤਾ ਗਿਆ ਸੀ। ਉਮੀਦ ਹੈ ਕਿ ਹੁਣ ਦੁਕਾਨਾਂ ਖੋਲ੍ਹਣ ਦੇ ਸਮੇਂ ‘ਚ ਪਰਿਵਰਤਨ ਹੋ ਸਕਦਾ ਹੈ। ਦੁਕਾਨਦਾਰਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ।
ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਹਫ਼ਤਾ ਪਹਿਲਾਂ ਕਿਹਾ ਸੀ ਕਿ ਜੇਕਰ ਇਨਫੈਕਸ਼ਨ ਦਰ ਵਿਚ ਗਿਰਾਵਟ ਜਾਰੀ ਰਹੀ ਤਾਂ ਇਕ ਹਫ਼ਤੇ ਬਾਅਦ ਜਿਮ ਤੇ ਰੈਸਟੋਰੈਂਟ 50 ਫ਼ੀਸਦ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਪੰਜਾਬ ‘ਚ ਹੁਣ ਰੁਕਦੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਇਨਫੈਕਸ਼ਨ ਦਰ ਦੋ ਫ਼ੀਸਦ ਤੋਂ ਹੇਠਾਂ ਆ ਗਈ ਤੇ 1.78 ਫ਼ੀਸਦ ਦਰਜ ਕੀਤੀ ਗਈ। ਉੱਥੇ ਹੀ ਮੌਤ ਦੇ ਅੰਕੜਿਆਂ ‘ਚ ਵੀ ਕਮੀ ਆਈ ਹੈ।