ਪੰਜਾਬ ਕਾਂਗਰਸ ਵਿਚ ਮਚੇ ਘਮਾਸਾਨ ‘ਚ ਇਕ ਨਵਾਂ ਮੋੜ ਆ ਗਿਆ ਹੈ। ਕੈਪਟਨ ਦਾ ਸਮਰਥਨ ਕਰਨ ਵਾਲੇ ਕੁੱਝ ਵਿਧਾਇਕਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਫ਼ੋਨ ਰਿਕਾਰਡਿੰਗਜ਼ ਭੇਜੀਆਂ ਹਨ, ਜਿਸ ਵਿਚ ਕੈਪਟਨ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਉਕਸਾਇਆ ਜਾ ਰਿਹਾ ਹੈ। ਇਨ੍ਹਾਂ ਵਿਧਾਇਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਇਕ ਸੋਚੀ-ਸਮਝੀ ਸਾਜਿਸ਼ ਰਹੀ ਗਈ ਹੈ।ਮੁੱਖ ਮੰਤਰੀ ਖ਼ਿਲਾਫ਼ ਧੜੇਬਾਜ਼ੀ ਨੂੰ ਇਸ ਕਦਰ ਹਵਾ ਦਿੱਤੀ ਗਈ ਕਿ 3 ਮੈਂਬਰੀ ਕਮੇਟੀ ਨਾਲ ਮੁਲਾਕਾਤ ਤੋਂ ਪਹਿਲਾਂ ਵਿਧਾਇਕਾਂ ਨੂੰ ਫ਼ੋਨ ਕੀਤੇ ਗਏ ਤਾਂ ਕਿ ਉਹ ਕਮੇਟੀ ਦੇ ਸਾਹਮਣੇ ਮੁੱਖ ਮੰਤਰੀ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕਰਨ।
ਹਾਲਾਂਕਿ ਕੁੱਲ ਕਿੰਨੇ ਵਿਧਾਇਕਾਂ ਨੇ ਅਜਿਹੀਆਂ ਰਿਕਾਰਡਿੰਗਜ਼ ਭੇਜੀਆਂ ਹਨ, ਇਸ ਦੀ ਕੋਈ ਸਪੱਸ਼ਟ ਗਿਣਤੀ ਸਾਹਮਣੇ ਨਹੀਂ ਆਈ ਹੈ। ਰਾਹੁਲ ਗਾਂਧੀ ਨੇ ਵਿਧਾਇਕਾਂ ਦੀਆਂ ਰਿਕਾਰਡਿੰਗਜ਼ ’ਤੇ ਕੋਈ ਖ਼ਾਸ ਪ੍ਰਤੀਕਿਰਿਆ ਨਹੀਂ ਦਿੱਤੀ। ਉਂਝ ਵੀ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਦੇ ਕਰੀਬੀ ਕਹੇ ਜਾਂਦੇ ਰਹੇ ਹਨ।
ਉਧਰ, ਵਿਰੋਧ ਦਾ ਝੰਡਾ ਲਹਿਰਾਉਣ ਵਾਲੇ ਬਾਗੀ ਵਿਧਾਇਕਾਂ ਨੇ ਇਨ੍ਹਾਂ ਰਿਕਾਰਡਿੰਗਜ਼ ਦੀ ਖ਼ਬਰ ਬਾਹਰ ਆਉਣ ਤੋਂ ਬਾਅਦ ਮੁੱਖ ਮੰਤਰੀ ਖ਼ਿਲਾਫ਼ ਨਵਾਂ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਬਾਗੀ ਵਿਧਾਇਕਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਫ਼ੋਨ ਟੈਪ ਕੀਤੇ ਜਾ ਰਹੇ ਹਨ।