ਸੂਬੇ ਚ ਚੋਰਾਂ ਦੇ ਹੌਂਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਆਏ ਦਿਨ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹਨ ਅਤੇ ਹੁਣ ਬੀਤੀ ਰਾਤ ਕੁਝ ਚੋਰਾਂ ਨੇ ਪਿੰਡ ਤੱਪਾਖੇੜਾ ਵਿਖੇ ਯੂਥ ਅਕਾਲੀ ਆਗੂ ਨੀਟੂ ਤੱਪਾਖੇੜਾ ਦੇ ਘਰ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇੇ ਬਾਹਰੋਂ ਖਿੜਕੀ ਤੋੜ ਕੇ ਘਰ ਅੰਦਰ ਪਿਆ ਕਰੀਬ 35 ਲੱਖ ਦੇ ਕੀਮਤ ਦਾ ਸੋਨਾ ਅਤੇ ਲੱਖ ਰੁਪਏ ਤੋਂ ਵੱਧ ਨਕਦੀ ਚੋਰੀ ਕਰਕੇ ਫਰਾਰ ਹੋ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਮੀਤ ਸਿੰਘ ਨੀਟੂ ਪੁੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਨੇ ਅੱਜ ਚੰਡੀਗੜ੍ਹ ਜਾਣਾ ਸੀ। ਇਸ ਲਈ ਉਹ ਸਵੇਰੇ ਤਿੰਨ ਵਜੇ ਉਠ ਪਏ। ਜਦੋਂ ਨਾਲ ਦੇ ਕਮਰੇ ਵਿਚ ਵੇਖਿਆ ਤਾਂ ਤਾਲੇ ਤੋੜ ਕਿ ਸਾਮਾਨ ਖਿਲਰਿਆ ਪਿਆ ਸੀ। ਘਰ ਵਿਚ ਪਿਆ 75 ਤੋਲਿਆਂ ਦੇ ਕਰੀਬ ਸੋਨਾ ,ਸਵਾ ਲੱਖ ਰੁਪਏ ਦੇ ਕਰੀਬ ਨਕਦੀ ਗਾਇਬ ਸੀ। ਚੋਰਾਂ ਨੇ ਸਾਮਾਨ ਦੇ ਨਾਲ ਪਿਆ ਪਿਸਟਲ ਵੀ ਆਪਣੇ ਹੱਥਾਂ ਥੱਲੇ ਕੀਤੀ ਰੱਖਿਆ ਪਰ ਜਾਣ ਲੱਗੇ ਉਹ ਕੰਧ ਨਾਲ ਸੁੱਟ ਗਏ। ਇਸ ਇਲਾਕੇ ਵਿਚ ਇਹ ਚੋਰੀ ਦੀ ਸਭ ਤੋਂ ਵੱਡੀ ਵਾਰਦਾਤ ਹੈ, ਜਿਸ ਦੀ ਸੂਚਨਾ ਮਿਲਣ ਸਾਰ ਹੀ ਲੰਬੀ ਥਾਣਾ ਦੀ ਪੁਲਸ ਤੋਂ ਇਲਾਵਾ ਡੀ.ਐਸ.ਪੀ. ਮਲੋਟ ਜਸਪਾਲ ਸਿੰਘ ਢਿੱਲੋਂ ਅਤੇ ਐੱਸ .ਐੱਸ.ਪੀ.ਡੀ. ਸੂਡਰਵਿਲੀ ਮੌਕੇ ’ਤੇ ਪੁੱਜ ਗਏ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਪੁਖਤਾ ਤਫ਼ਤੀਸ਼ ਕੀਤੀ ਜਾ ਰਹੀ ਹੈ।