ਸਾਊਦੀ ਅਰਬ ਵਿਚ ਇਕ 26 ਸਾਲ ਦੇ ਨੌਜਵਾਨ ਨੂੰ ਸਿਰਫ ਇਸ ਲਈ ਫਾਂਸੀ ਦੇ ਦਿੱਤੀ ਗਈ ਕਿਉਂਕਿ ਉਸ ਨੇ ਆਪਣੇ ਫੋਨ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਤਸਵੀਰ ਸੇਵ ਕਰ ਕੇ ਰੱਖੀ ਹੋਈ ਸੀ। ਇਸ ਨੌਜਵਾਨ ਨੇ ਸਾਲ 2011 ਅਤੇ 2012 ਵਿਚ ਹੋਏ ਇਹਨਾਂ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ ਸੀ। ਨੌਜਵਾਨ ਦੀ ਪਛਾਣ ਮੁਸਤਫਾ ਅਲ-ਦਰਵਿਸ਼ ਦੇ ਰੂਪ ਵਿਚ ਹੋਈ ਹੈ। ਪ੍ਰਦਰਸ਼ਨਾਂ ਦੇ ਸਮੇਂ ਮੁਸਤਫਾ ਦੀ ਉਮਰ ਸਿਰਫ 17 ਸਾਲ ਸੀ। ਉੱਧਰ ਸਾਊਦੀ ਅਰਬ ਸਰਕਾਰ ਦਾ ਕਹਿਣਾ ਹੈ ਕਿ ਇਹ ਤਸਵੀਰ ‘ਹਮਲਾਵਰ’ ਸੀ।
ਸਾਊਦੀ ਅਰਬ ਸਰਕਾਰ ਨੇ ਇਹ ਫਾਂਸੀ ਅਜਿਹੇ ਸਮੇਂ ਵਿਚ ਦਿੱਤੀ ਹੈ ਜਦੋਂ ਉਸ ਨੇ ਦੁਨੀਆ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਬਾਗੀਆਂ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ ਜਿਹਨਾਂ ਨੇ ਆਪਣੇ ਬਚਪਨ ਵਿਚ ਇਹ ਅਪਰਾਧ ਕੀਤਾ ਸੀ। 17 ਸਾਲ ਦੀ ਉਮਰ ਵਿਚ ਮੁਸਤਫਾ ਨੇ ਦੇਸ਼ ਦੇ ਪੂਰਬੀ ਸੂਬੇ ਵਿਚ ਸਾਲ 2011-12 ਵਿਚ ਹੋਏ ਸ਼ੀਆ ਮੁਸਲਿਮਾਂ ਦੇ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲਿਆ ਸੀ। ਸਾਲ 2015 ਵਿਚ ਇਸ ਨੌਜਵਾਨ ਨੂੰ ਕਈ ਅਪਰਾਧਾਂ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਮੁਸਤਫਾ ਨੂੰ 20 ਸਾਲ ਦੀ ਉਮਰ ਵਿਚ ਅਪਰਾਧ ਸਾਬਤ ਨਾ ਹੋਣ ‘ਤੇ ਰਿਹਾਅ ਕਰ ਦਿੱਤਾ ਗਿਆ ਸੀ।ਉਸ ਸਮੇਂ ਮੁਸਤਫਾ ਦੇ ਪਰਿਵਾਰ ਵਾਲਿਆਂ ਨੇ ਕਿਹਾ ਸੀ ਕਿ ਪੁਲਸ ਨੇ ਉਹਨਾਂ ਦੇ ਬੱਚੇ ਦੇ ਫੋਨ ਨੂੰ ਆਪਣੇ ਕੋਲ ਰੱਖ ਲਿਆ ਹੈ। ਇਸ ਫੋਨ ਵਿਚ ਪੁਲਸ ਨੂੰ ਇਕ ਤਸਵੀਰ ਮਿਲੀ ਸੀ ਜਿਸ ਨਾਲ ਉਹ ਨਾਰਾਜ਼ ਹੋ ਗਏ ਸਨ। ਮੁਸਤਫਾ ਨੂੰ ਜੇਲ੍ਹ ਵਿਚ ਰੱਖਿਆ ਜਾਂਦਾ ਸੀ ਅਤੇ ਕਈ ਵਾਰ ਬੇਰਹਿਮੀ ਨਾਲ ਕੀਤੀ ਪੁੱਛਗਿੱਛ ਦੌਰਾਨ ਉਹ ਬੇਹੋਸ਼ ਹੋ ਗਿਆ ਸੀ। ਬਾਅਦ ਵਿਚ ਮੁਸਤਫਾ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ। ਹਾਲਾਂਕਿ ਅਦਾਲਤ ਵਿਚ ਮੁਸਤਫਾ ਨੇ ਇਸ ਬਿਆਨ ਨੂੰ ਖਾਰਿਜ ਕਰ ਦਿੱਤਾ ਅਤੇ ਕਿਹਾ ਕਿ ਉਸ ਨੇ ਅਜਿਹਾ ਕੁੱਟਮਾਰ ਰੋਕਣ ਲਈ ਕੀਤਾ ਸੀ। ਇਸ ਮਗਰੋਂ ਮੁਸਤਫਾ ਕਰੀਬ 6 ਸਾਲ ਤੱਕ ਜੇਲ੍ਹ ਵਿਚ ਰਿਹਾ। ਅਖੀਰ ਮੰਗਲਵਾਰ ਨੂੰ ਉਸ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਪਰਿਵਾਰ ਨੂੰ ਮੁਸਤਫਾ ਦੀ ਮੌਤ ਦੇੀ ਖ਼ਬਰ ਵੈਬਸਾਈਟ ‘ਤੇ ਪ੍ਰਕਾਸ਼ਿਤ ਖ਼ਬਰ ਤੋਂ ਮਿਲੀ।