ਪੰਜਾਬ ਕਾਂਗਰਸ ’ਚ ਮਚੇ ਘਮਾਸਾਨ ਸਬੰਧੀ ਕਾਂਗਰਸ ਹਾਈਕਮਾਨ ਨੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਤਲਬ ਕੀਤਾ ਹੈ। 20 ਜੂਨ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕੈਪਟਨ ਅਤੇ ਸਿੱਧੂ ਸਹਿਤ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ’ਚ ਮੱਲਿਕਾਰਜੁਨ ਕਮੇਟੀ ਦੀਆਂ ਸਿਫਾਰਿਸ਼ਾਂ ਅਤੇ ਸੁਝਾਵਾਂ ’ਤੇ ਸੀਨੀਅਰ ਆਗੂਆਂ ਨਾਲ ਮੰਥਨ ਕੀਤਾ ਜਾਵੇਗਾ। ਨਾਲ ਹੀ ਕੈਪਟਨ ਅਤੇ ਸਿੱਧੂ ਵਿਚਕਾਰ ਚੱਲ ਰਹੇ ਸ਼ੀਤਯੁੱਧ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਵੀ ਮੱਲਿਕਾਰਜੁਨ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ।
ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਬੁਲਾਈ ਗਈ ਇਹ ਬੈਠਕ ਰਾਹੁਲ ਗਾਂਧੀ ਦੀ ਬੈਠਕ ਦਾ ਅਗਲਾ ਪੜਾਅ ਹੈ। ਰਾਹੁਲ ਗਾਂਧੀ ਨੇ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰ ਕੇ ਕਾਂਗਰਸ ਪ੍ਰਧਾਨ ਨੂੰ ਪੂਰੇ ਮਾਮਲੇ ਤੋਂ ਜਾਣੂੰ ਕਰਵਾ ਦਿੱਤਾ ਹੈ ਅਤੇ ਹੁਣ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਸ ’ਤੇ ਫ਼ੈਸਲਾ ਸੁਣਾਉਣਾ ਹੈ
ਧੜੇਬੰਦੀ ਕਾਰਨ 2022 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਪੰਜਾਬ ਕਾਂਗਰਸ ਦਾ ਸਿਆਸੀ ਹਿਸਾਬ ਲਗਾਤਾਰ ਵਿਗੜਦਾ ਜਾ ਰਿਹਾ ਹੈ। ਉਸ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਨੇ ਕਾਂਗਰਸ ਸਾਹਮਣੇ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇਨ੍ਹਾਂ ਬਦਲੇ ਸਮੀਕਰਨਾਂ ਕਾਰਨ ਕਾਂਗਰਸ ਹਾਈਕਮਾਨ ਸਿੱਧਾ ਫ਼ੈਸਲਾ ਸੁਣਾ ਕੇ ਅਜਿਹਾ ਕੋਈ ਜ਼ੋਖਮ ਨਹੀਂ ਲੈਣਾ ਚਾਹੁੰਦੀ ਹੈ, ਜੋ 2022 ਦੀ ਫਤਹਿ ਵਿਚ ਅੜਚਣ ਬਣੇ। ਖ਼ਾਸ ਤੌਰ ’ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ’ਤੇ ਸਭ ਦੀ ਨਜ਼ਰ ਹੈ। ਕਾਂਗਰਸ ਹਾਈਕਮਾਨ ਨੂੰ ਵੀ ਇਸ ਗੱਲ ਦਾ ਇਲਮ ਹੈ ਕਿ ਸਿੱਧੂ ਪੰਜਾਬ ਦੀ ਸਿਆਸਤ ਵਿਚ ਬੇਹੱਦ ਅਹਿਮ ਕਿਰਦਾਰ ਹਨ, ਜਿਨ੍ਹਾਂ ਦਾ ਚੰਗਾ ਜਨ ਆਧਾਰ ਹੈ। ਅਜਿਹੇ ਸਮੇਂ ਸਿੱਧੂ ਦੀ ਨਰਾਜ਼ਗੀ 2022 ਦੀ ਜਿੱਤ ’ਚ ਅੜਿੱਕਾ ਪਾ ਸਕਦੀ ਹੈ।