ਲੁਧਿਆਣਾ ਦੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਸੀਟਾਂ ਸਬੰਧੀ ਦਿੱਤੇ ਗਏ ਵਿਵਾਦਿਤ ਬਿਆਨ ਨਾਲ ਕਾਂਗਰਸ ਬੈਕਫੁੱਟ ’ਤੇ ਆ ਗਈ ਹੈ। ਇਸ ਦੇ ਨਾਲ ਹੀ ਬਿੱਟੂ ਦੀਆਂ ਮੁਸ਼ਕਲਾਂ ਵੀ ਵਧਣ ਵਾਲੀਆਂ ਹਨ। ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਨੇ ਦੋਵੇਂ ਸੀਟਾਂ ਸਿੱਖ ਗੁਰੂਆਂ ਸ੍ਰੀ ਗੁਰੂ ਤੇਗ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਜੁੜੀਆਂ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਲਈ ਛੱਡਣ ’ਤੇ ਟਿੱਪਣੀ ਕਰ ਕੇ ਵਿਰੋਧੀ ਪਾਰਟੀਆਂ ਨੂੰ ਬੈਠੇ-ਬਿਠਾਏ ਅਜਿਹਾ ਮੁੱਦਾ ਦੇ ਦਿੱਤਾ ਹੈ, ਜਿਸ ਦੀ ਕਾਟ ਖ਼ੁਦ ਉਹ ਅਤੇ ਉਨ੍ਹਾਂ ਦੀ ਪਾਰਟੀ ਵੀ ਨਹੀਂ ਕਰ ਪਾ ਰਹੀ। ਅਕਾਲੀ ਦਲ ਅਤੇ ਬਸਪਾ ਹੀ ਨਹੀਂ, ਆਮ ਆਦਮੀ ਪਾਰਟੀ ਅਤੇ ਭਾਜਪਾ ਤੱਕ ਨੇ ਇਸ ਮਾਮਲੇ ਵਿਚ ਬਿੱਟੂ ਨੂੰ ਨਿਸ਼ਾਨੇ ’ਤੇ ਲੈ ਲਿਆ ਹੈ। ਦਰਅਸਲ ਕਾਂਗਰਸੀ ਸਾਂਸਦ ਬਿੱਟੂ ਨੇ ਇਹ ਬਿਆਨ ਦਾਗ ਕੇ ਇਕ ਤਰ੍ਹਾਂ ਨਾਲ ਅਕਾਲੀ ਦਲ ਨੂੰ ਸਿੱਖ ਵੋਟਰਾਂ ਦਾ ਸਰਪ੍ਰਸਤ ਵੀ ਐਲਾਨ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਸਿੱਖ ਗੁਰੂਆਂ ਅਤੇ ਸਾਹਿਬਜ਼ਾਦਿਆਂ ਨਾਲ ਜੁੜੀਆਂ ਇਹ ਦੋਵੇਂ ਪਵਿੱਤਰ ਸੀਟਾਂ ਅਕਾਲੀ ਦਲ ਨੇ ਖ਼ੁਦ ਨਾ ਲੜ ਕੇ ਬਸਪਾ ਲਈ ਕਿਉਂ ਛੱਡੀਆਂ ? ਦੂਜੇ ਪਾਸੇ ਕਾਂਗਰਸ ਨੇ ਇਸ ਮਾਮਲੇ ਵਿਚ ਪੱਲਾ ਝਾੜ ਲਿਆ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਹ ਕੋਈ ਟਿੱਪਣੀ ਨਹੀਂ ਕਰਨਗੇ। ਬਿੱਟੂ ਤੀਜੀ ਵਾਰ ਸਾਂਸਦ ਬਣੇ ਹਨ, ਉਹੀ ਆਪਣੇ ਬਿਆਨ ਬਾਰੇ ਸਪੱਸ਼ਟੀਕਰਨ ਦੇ ਸਕਦੇ ਹਨ। ਵਿਵਾਦ ਵੱਧਣ ਤੋਂ ਬਾਅਦ ਬਿੱਟੂ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਆਨ ਦਾ ਗਲਤ ਮਤਲੱਬ ਕੱਢਿਆ ਗਿਆ, ਜਿਸ ਤੋਂ ਉਹ ਦੁਖ਼ੀ ਹਨ। ਉਨ੍ਹਾਂ ਦੇ ਕਹਿਣ ਦਾ ਮਤਲਬ ਸਿਰਫ ਇੰਨਾ ਸੀ ਕਿ ਅਕਾਲੀ ਦਲ ਖ਼ੁਦ ਨੂੰ ਪੰਥਕ ਪਾਰਟੀ ਕਹਿੰਦੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਣ ਹੀ ਉਨ੍ਹਾਂ ਨੇ ਇਹ ਸੀਟਾਂ ਛੱਡੀਆਂ ਕਿਉਂਕਿ ਉਹ ਕਿਸ ਮੂੰਹ ਨਾਲ ਲੋਕਾਂ ਵਿਚ ਜਾਂਦੇ।
