ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅੱਜ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੂੰ ਮਿਲਣ ਲਈ ਜੰਮੂ-ਕਸ਼ਮੀਰ ਪਹੁੰਚੇ। ਬੰਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਸੈਕਟਰ ‘ਚ ਆਪਣੀ ਇਸ ਫੇਰੀ ਕਰਕੇ ਅਕਸ਼ੈ ਕੁਮਾਰ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਆਲੋਚਨਾ ਹੋ ਰਹੀ ਹੈ। ਨੁਕਤਾਚੀਨੀ ਦਾ ਕਾਰਨ ਹੈ ਕੋਰੋਨਾ ਕਾਲ ‘ਚ ਬਗ਼ੈਰ ਮਾਸਕ ਦੇ ਬੀ. ਐੱਸ. ਐੱਫ. ਦੇ ਕੈਂਪ ‘ਚ ਵਿਚਰਨਾ।

ਜਵਾਨਾਂ ਨਾਲ ਭੰਗੜਾ ਪਾਉਂਦੇ ਅਦਾਕਾਰ ਅਕਸ਼ੈ ਕੁਮਾਰ ਦੀ ਵੀਡੀਓ ਕੁਝ ਹੀ ਸਮੇਂ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਵਾਇਰਲ ਵੀਡੀਓ ‘ਤੇ ਪ੍ਰਤੀਕਿਰਿਆ ਦਿੰਦਿਆਂ ਕਾਫ਼ੀ ਸੋਸ਼ਲ ਮੀਡੀਆ ਯੂਜ਼ਰਸ ਨੇ ਅਕਸ਼ੈ ਕੁਮਾਰ ਦੀ ਨੁਕਤਾਚੀਨੀ ਕੀਤੀ। ਇੱਕ ਯੂਜ਼ਰ ਨੇ ਲਿਖਿਆ ‘ਮਾਸਕ ਨਾ ਪਹਿਨਣ ਕਰਕੇ ਉਸ (ਅਕਸ਼ੈ) ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ।’ ਜਦਕਿ ਹੋਰ ਯੂਜ਼ਰ ਨੇ ਤੰਜ਼ ਕੱਸਦਿਆਂ ਕਿਹਾ ਹੈ ‘ਕੋਈ ਮਾਸਕ ਨਹੀਂ, ਕੋਈ ਸਮਾਜਿਕ ਦੂਰੀ ਨਹੀਂ।’ ਦੱਸ ਦਈਏ ਕਿ ਇਸੇ ਸਾਲ ਅਪ੍ਰੈਲ ‘ਚ ਅਕਸ਼ੈ ਕੁਮਾਰ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਨੂੰ ਹਸਪਤਾਲ ‘ਚ ਵੀ ਭਰਤੀ ਕਰਵਾਇਆ ਗਿਆ ਸੀ।

ਆਪਣੀ ਫੇਰੀ ਬਾਰੇ ਦੱਸਦਿਆਂ ਅਕਸ਼ੈ ਕੁਮਾਰ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਹੈ ”ਅਸਲ ਹੀਰੋਜ਼ ਨੂੰ ਮਿਲਣਾ ਹਮੇਸ਼ਾ ਹੀ ਕਮਾਲ ਦਾ ਅਨੁਭਵ ਹੁੰਦਾ ਹੈ। ਅਕਸ਼ੈ ਨੇ ਉਨ੍ਹਾਂ ਫ਼ੌਜੀਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਜੰਗ ‘ਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।”