ਇਕ ਪਾਸੇ ਜਿੱਥੇ ਕਾਂਗਰਸ ’ਚ ਅੰਦਰੂਨੀ ਕਲੇਸ਼ ਚੱਲ ਰਿਹਾ ਹੈ ਅਤੇ ਹਾਈਕਮਾਨ ਵਲੋਂ ਸਾਰੇ ਮਾਮਲੇ ਦੀ ਘੋਖ ਕੀਤੀ ਗਈ ਹੈ ਪਰ ਹਾਈਕਮਾਨ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਦੀ ਸਿਆਸਤ ਵਿਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਇਸ ਸਭ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨਾਲ ਗੁਪਤ ਮੀਟਿੰਗ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਦੇ ਦੋਵਾਂ ਸੀਨੀਅਰ ਆਗੂਆਂ ਵਿਚਾਲੇ ਬਾਜਵਾ ਦੇ ਚੰਡੀਗੜ੍ਹ ਸਥਿਤ ਘਰ ਵਿਚ ਬੀਤੇ ਦਿਨੀਂ ਗੁਪਤ ਬੈਠਕ ਹੋਈ ਹੈ।
ਇਸ ਮੁਲਾਕਾਤ ਦੀ ਇਕ ਵੱਡੀ ਵਜ੍ਹਾ ਸਾਬਕਾ ਮੰਤਰੀ ਨਵਜੋਤ ਸਿੱਧੂ ਵੀ ਹੈ। ਜਿਸ ਤਰ੍ਹਾਂ ਸਿੱਧੂ ਨੂੰ ਲੈ ਕੇ ਕਾਂਗਰਸ ਹਾਈਕਮਾਨ ਰੁਖ ਅਪਨਾ ਰਹੀ ਹੈ, ਉਸ ਨਾਲ ਟਕਸਾਲੀ ਕਾਂਗਰਸੀਆਂ ਦੇ ਨਾਲ-ਨਾਲ ਕੈਪਟਨ ਅਤੇ ਬਾਜਵਾ ਵੀ ਅੰਦਰੋਂ-ਅੰਦਰੀਂ ਔਖੇ ਹਨ।
ਸੂਤਰਾਂ ਮੁਤਾਬਕ ਸਿੱਧੂ ਹਾਈਕਮਾਨ ਨੂੰ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਕੈਪਟਨ ਨਾਲ ਸਰਕਾਰ ਵਿਚ ਕੰਮ ਨਹੀਂ ਕਰਨਗੇ। ਉਹ ਸੂਬਾ ਪ੍ਰਧਾਨ ਬਣਨਾ ਚਾਹੁੰਦੇ ਹਨ ਪਰ ਇਹ ਗੱਲ ਕੈਪਟਨ ਨੂੰ ਮਨਜ਼ੂਰ ਨਹੀਂ ਹੈ। ਕੈਪਟਨ ਅਤੇ ਬਾਜਵਾ ਦੀਆਂ ਦੂਰੀਆਂ ਇਸ ਕਾਰਣ ਵੀ ਮਿੱਟ ਰਹੀਆਂ ਹਨ ਤਾਂ ਕਿ ਹਾਈਕਮਾਨ ਸਿੱਧੂ ਨੂੰ ਲੈ ਕੇ ਇਕਪਾਸੜ ਫ਼ੈਸਲਾ ਨਾ ਥੋਪ ਦੇਵੇ। ਉਧਰ ਬਾਜਵਾ ਭਾਵੇਂ ਕੈਪਟਨ ਦਾ ਖੁੱਲ੍ਹੇਆਮ ਵਿਰੋਧ ਕਰਦੇ ਰਹੇ ਹਨ ਪਰ ਉਨ੍ਹਾਂ ਸਿੱਧੂ ਦੀ ਵਕਾਲਤ ਕਦੇ ਨਹੀਂ ਕਰਦੇ।