ਪਿੰਗਲਵਾੜਾ ਅੰਮ੍ਰਿਤਸਰ ਵਿੱਚ ਰਹਿੰਦੇ ਸੋਹਣਾ ਸਿੰਘ ਤੇ ਮੋਹਣਾ ਸਿੰਘ, ਜਿਨ੍ਹਾਂ ਦੇ ਸਿਰ ਦੋ ਅਤੇ ਧੜ ਇਕ ਹੈ, ਨੂੰ 18 ਸਾਲਾਂ ਦੀ ਉਮਰ ਪੂਰੀ ਕਰ ਲੈਣ ’ਤੇ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਐੱਸ. ਡੀ. ਐੱਮ. ਮੈਡਮ ਅਨਾਇਤ ਗੁਪਤਾ ਦੇ ਨਿਰਦੇਸ਼ਾਂ ਤਹਿਤ ਤਹਿਸੀਲਦਾਰ ਰਜਿੰਦਰ ਸਿੰਘ, ਇਲੈਕਸ਼ਨ ਕਾਨੂੰਨਗੋ ਮੈਡਮ ਹਰਜੀਤ ਕੌਰ ਭੁੱਲਰ, ਇਲੈਕਸ਼ਨ ਸੈਕਟਰ ਅਫ਼ਸਰ ਪ੍ਰਭਦੀਪ ਸਿੰਘ ਚੇਤਨਪੁਰਾ ਅਤੇ ਕਮਲਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਬੀ. ਐੱਲ. ਓ. ਸਤਪਾਲ ਸਿੰਘ ਰਾਣਾ ਨੇ ਪਿੰਗਲਵਾੜਾ ਵਿਖੇ ਰਹਿ ਰਹੇ ਸੋਹਣਾ ਸਿੰਘ ਅਤੇ ਮੋਹਣਾ ਸਿੰਘ ਜਿਨ੍ਹਾਂ ਦੇ ਦਿਮਾਗ ਦੋ ਸਿਰ ਦੋ ਅਤੇ ਧੜ ਇਕ ਹੈ, ਦੀਆਂ 2 ਵੋਟਾਂ ਵੋਟਰ ਸੂਚੀ ਪ੍ਰਕਾਸ਼ਿਤ ਹੋਣ ’ਤੇ ਬਣਾਈਆਂ ਹਨ।
ਮੌਕੇ ’ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਹੈ ਕਿ ਸੋਹਣਾ-ਮੋਹਣਾ ਦੀ ਵੋਟ ਬਣਾਉਣ ਲਈ ਜੋ ਵੀ ਰਸਮੀ ਕਾਰਵਾਈ ਸੀ, ਉਸ ਨੂੰ ਮੁਕੰਮਲ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਵੋਟ ਅਧਿਕਾਰ ਤੋਂ ਵਾਝਾਂ ਨਹੀਂ ਰਹਿਣ ਦਿੱਤਾ ਜਾਵੇਗਾ, ਉਨ੍ਹਾਂ 18 ਸਾਲ ਦੇ ਹੋ ਚੁੱਕੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਵੋਟਾਂ ਜ਼ਰੂਰ ਬਣਵਾਉਣ ਅਤੇ ਲੋਕਤੰਤਰ ਦਾ ਹਿੱਸਾ ਬਣਨ।

ਜ਼ਿਕਰਯੋਗ ਹੈ ਕਿ ਪਿੰਗਲਵਾੜੇ ’ਚ ਰਹਿ ਰਹੇ ਜੁੜਵਾ ਭਰਾ ਸੋਹਣਾ-ਮੋਹਣਾ ਵਲੋਂ ਬੀਤੇ ਦਿਨੀਂ ਆਪਣਾ 18ਵਾਂ ਜਨਮ ਦਿਨ ਮਨਾਇਆ ਗਿਆ ਹੈ ਅਤੇ ਉਹ ਬਹੁਤ ਖ਼ੁਸ਼ ਹਨ। 14 ਜੂਨ 2003 ’ਚ ਪੈਦਾ ਹੋਏ ਸੋਹਣਾ-ਮੋਹਣਾ ਨੂੰ ਵੇਖਣ ਵਾਲਾ ਹਰੇਕ ਸ਼ਖ਼ਸ ਉਸ ਸਮੇਂ ਉਨ੍ਹਾਂ ਦੀ ਲੰਬੀ ਉਮਰ ਦੀ ਅਰਦਾਸ ਕਰ ਰਿਹਾ ਸੀ ਪਰ ਦੂਜੇ ਪਾਸੇ ਮੈਡੀਕਲ ਸਾਇੰਸ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਉਹ ਦੋਵੇਂ ਭਰਾ ਲੰਬੀ ਜ਼ਿੰਦਗੀ ਜੀਅ ਸਕਦੇ ਹਨ।ਤਿੰਨ ਦਿਨ ਪਹਿਲਾਂ ਯਾਨੀ 14 ਜੂਨ ਨੂੰ ਜੁੜਵਾ ਭਰਾ ਸੋਹਣਾ-ਮੋਹਣਾ ਨੇ ਆਪਣਾ 18ਵਾਂ ਜਨਮ ਦਿਨ ਮਨਾਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਪਣਾ ਵੋਟ ਪਾਉਣ ਦਾ ਅਧਿਕਾਰ ਮੰਗਿਆ ਸੀ।