ਜ਼ਿਲ੍ਹੇ ਦੇ ਪਿੰਡ ਗਹਿਰੀ ਵਿਖੇ ਜ਼ਮੀਨ ਦੇ ਵਿਵਾਦ ਨੂੰ ਲੈ ਕੁਝ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਹਮਲੇ ’ਚ ਮ੍ਰਿਤਕ ਦਾ ਭਤੀਜਾ ਜ਼ਖ਼ਮੀ ਹੋ ਗਿਆ ਹੈ। ਇਸ ਬਾਬਤ ਪੁਲਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਥਾਣਾ ਸਰਾਏ ਅਮਾਨਤ ਖਾਂ ਵਿਖੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਦਿਲਬਾਗ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਆਪਣੇ ਭਰਾ ਰੇਸ਼ਮ ਸਿੰਘ ਪੁੱਤਰ ਕਸ਼ਮੀਰ ਸਿੰਘ ਨਾਲ ਸਾਂਝੀ ਜ਼ਮੀਨ ਦਾ ਬਣਦਾ ਆਪਣਾ ਹਿੱਸਾ ਕੁਲਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਗਹਿਰੀ ਨੂੰ ਵੇਚ ਦਿੱਤਾ ਸੀ।

ਇਸ ਤੋਂ ਬਾਅਦ ਅੱਜ ਜਦੋਂ ਉਹ ਆਪਣਾ ਕਬਜ਼ਾ ਲੈਣ ਪੁੱਜਾ ਤਾਂ ਕੁਲਦੀਪ ਸਿੰਘ ਦਾ ਰੇਸ਼ਮ ਸਿੰਘ ਅਤੇ ਉਸ ਦੇ ਭਤੀਜੇ ਮੁਲਤਾਨ ਸਿੰਘ ਪੁੱਤਰ ਅਜੀਤ ਸਿੰਘ ਨਾਲ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਕੁਲਦੀਪ ਸਿੰਘ, ਬਹਾਲ ਸਿੰਘ ਅਤੇ ਪਲਵਿੰਦਰ ਸਿੰਘ ਪੁੱਤਰ ਬਹਾਲ ਸਿੰਘ ਨੇ ਆਪਣੀਆਂ 12 ਬੋਰ ਰਾਈਫਲਾਂ ਰਾਹੀ ਤਿੰਨ ਗੋਲੀਆਂ ਚਲਾਈਆਂ, ਜਿਸ ਨਾਲ ਰੇਸ਼ਮ ਸਿੰਘ ਅਤੇ ਮੁਲਤਾਨ ਸਿੰਘ ਜ਼ਖ਼ਮੀ ਹੋ ਗਏ।

ਇਸ ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਰਾਏ ਅਮਾਨਤ ਖਾਂ ਦੇ ਮੁੱਖੀ ਦੀਪਕ ਕੁਮਾਰ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜ ਗਏ। ਇਸ ਦੌਰਾਨ ਮੁਲਜ਼ਮ ਫਰਾਰ ਹੋ ਚੁੱਕੇ ਸਨ। ਇਸ ਵਾਰਦਾਤ ਤੋਂ ਤੁਰੰਤ ਬਾਅਦ ਦੋਵਾਂ ਜ਼ਖ਼ਮੀਆਂ ਨੂੰ ਕਸੇਲ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿਥੇ ਰੇਸ਼ਮ ਸਿੰਘ ਦੀ ਮੌਤ ਹੋ ਗਈ। ਡੀ.ਐੱਸ.ਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਉੱਕਤ ਤਿੰਨਾਂ ਮੁਲਜਮਾਂ ਖ਼ਿਲਾਫ਼ ਮਾਮਲਾ ਦਰਜ ਕਰ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।