ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿੱਚ ਸ਼ਾਮਲ ਕੀਤਾ ਸੀ। ਹੁਣ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ਵਿੱਚ ਫਿਰ ਵਧ ਸਕਦੀਆਂ ਹਨ। ਕੇਂਦਰੀ ਜਾਂਚ ਏਜੰਸੀ (ED) ਨੇ ਖਹਿਰਾ ਖਿਲਾਫ ਇੱਕ ਹੋਰ ਕਾਰਵਾਈ ਕਰਦਿਆਂ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਹੈ ਤੇ 21 ਜੂਨ ਨੂੰ ਈਡੀ ਦੇ ਮੁੱਖ ਦਫ਼ਤਰ ਵਿਖੇ ਪੁੱਛਗਿੱਛ ਲਈ ਸੱਦਿਆ ਹੈ। ਈਡੀ ਦੇ ਸੂਤਰਾਂ ਮੁਤਾਬਕ ਇਸ ਸਾਲ ਮਾਰਚ ਵਿੱਚ ਸੁਖਪਾਲ ਖਹਿਰਾ ਨਾਲ ਸਬੰਧਤ ਮਨੀ ਲਾਂਡਰਿੰਗ (PMLA) ਦਾ ਕੇਸ ਦਰਜ ਕਰਨ ਤੋਂ ਬਾਅਦ ਈਡੀ ਨੂੰ ਜਾਂਚ ਦੌਰਾਨ ਕਈ ਅਹਿਮ ਸਬੂਤ ਮਿਲੇ ਹਨ।
ਈਡੀ ਦੇ ਸੂਤਰਾਂ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ ਕੇਸ ਤੋਂ ਹਾਸਲ ਕੀਤੀ ਗੈਰਕਨੂੰਨੀ ਜਾਇਦਾਦ ਸਮੇਤ ਗੈਰ ਕਾਨੂੰਨੀ/ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਦਿਆਂ ਕਈ ਵਿਅਕਤੀਆਂ ਦੇ ਪਾਸਪੋਰਟ ਬਣਾਉਣ ਦੇ ਸਬੰਧ ਵਿੱਚ ਬਹੁਤ ਪਹਿਲਾਂ ਪੰਜਾਬ ਵਿਚ ਕੇਸ ਦਰਜ ਕੀਤਾ ਗਿਆ ਸੀ, ਇਸੇ ਕੇਸ ਵਿੱਚ ਕਈ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਗਏ ਸੀ।
ਸੁਖਪਾਲ ਸਿੰਘ ਖਹਿਰਾ ਇਸ ਮੁੱਦੇ ‘ਤੇ ਕਈ ਵਾਰ ਮੀਡੀਆ ਦੇ ਸਾਹਮਣੇ ਆਪਣੀ ਗੱਲ ਰੱਖ ਚੁੱਕੇ ਹਨ, ਪਰ ਜੇ ਈਡੀ ਸੂਤਰਾਂ ਦੀ ਮੰਨੀਏ ਤਾਂ ਈਡੀ ਦੀ ਟੀਮ ਨੇ ਖਹਿਰਾ ਦੀ ਰਿਹਾਇਸ਼ ਸਮੇਤ ਦਿੱਲੀ, ਪੰਜਾਬ ਦੇ ਕਈ ਟਿਕਾਣਿਆਂ ‘ਤੇ ਛਾਪਾ ਮਾਰਿਆ। ਉਕਤ ਛਾਪੇਮਾਰੀ ਦੌਰਾਨ ਖਹਿਰਾ ਤੇ ਉਸ ਦੇ ਪਰਿਵਾਰ ਦੇ ਕੁਝ ਮੈਂਬਰਾਂ ਖ਼ਿਲਾਫ਼ ਕੁਝ ਅਹਿਮ ਸਬੂਤ ਤੇ ਦਸਤਾਵੇਜ਼ ਮਿਲੇ, ਜਿਸ ਦੇ ਅਧਾਰ ‘ਤੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵੀ ਈਡੀ ਨੇ 17 ਮਾਰਚ ਨੂੰ ਪੁੱਛਗਿੱਛ ਲਈ ਈਡੀ ਦਫ਼ਤਰ ਵਿੱਚ ਬੁਲਾਇਆ ਸੀ ਪਰ ਉਹ ਪੁੱਛਗਿੱਛ ਲਈ ਨਹੀਂ ਆਏ। ਖਹਿਰਾ ਵੱਲੋਂ ਈਡੀ ਨੂੰ ਪੱਤਰ ਭੇਜ ਕੇ ਦੱਸਿਆ ਗਿਆ ਕਿ ਕੋਰੋਨਾ ਸੰਕਰਮਣ ਤੇ ਉਸ ਦੇ ਪੀਐਸਓ ਦੀ ਲਾਗ ਦੇ ਮੱਦੇਨਜ਼ਰ ਉਹ ਖੁਦ ਆਪਣੀ ਜਾਂਚ ਤੇ ਮਾਮਲੇ ਦੀ ਗੰਭੀਰਤਾ ਕਾਰਨ ਨਹੀਂ ਆ ਸਕਦੇ।