ਪੁਲਿਸ ਐਨਕਾਊਂਟਰ ਵਿਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦਾ ਪੀਜੀਆਈ ਚੰਡੀਗੜ੍ਹ ਵਿਖੇ ਦੁਬਾਰਾ ਪੋਸਟਮਾਰਟਮ ਹੋਣ ਤੋਂ ਬਾਅਦ ਬੁੱਧਵਾਰ ਨੂੰ ਪਰਿਵਾਰ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਦੀ ਜ਼ੇਰੇ ਨਿਗਰਾਨੀ ਸਖਤ ਸੁਰੱਖਿਆ ਬੰਦੋਬਸਤ ਕੀਤੇ ਗਏ ਸਨ। ਇਸ ਤੋਂ ਪਹਿਲੇ ਬਠਿੰਡਾ ਜੇਲ੍ਹ ਵਿੱਚ ਬੰਦ ਜੈਪਾਲ ਦੇ ਭਰਾ ਅੰਮ੍ਰਿਤਪਾਲ ਸਿੰਘ ਨੂੰ ਪੁਲੀਸ ਦੇ ਵੱਡੇ ਲਾਮ ਲਸ਼ਕਰ ਨਾਲ ਜ਼ੀਰਾ ਗੇਟ ਸ਼ਮਸ਼ਾਨਘਾਟ ਲਿਆਂਦਾ ਗਿਆ।
ਇਸ ਮੌਕੇ ਪੁਲੀਸ ਇਸ ਕਦਰ ਬੇਵੱਸਾਈ ਹੋਈ ਸੀ ਕਿ ਉਨ੍ਹਾਂ ਨੇ ਇਕ ਪਲ ਲਈ ਵੀ ਅੰਮ੍ਰਿਤਪਾਲ ਦੀਆਂ ਹੱਥਕਡ਼੍ਹੀਆਂ ਨਹੀਂ ਖੋਲੀਆਂ। ਆਲਮ ਇਹ ਸੀ ਕਿ ਅੰਤਿਮ ਰਸਮਾਂ ਨਿਭਾਉਣ ਮੌਕੇ ਅੰਮ੍ਰਿਤਪਾਲ ਨੇ ਭਰਾ ਦਾ ਘੜਾ ਹੱਥਕਡ਼ੀਆਂ ਲੱਗੀਆਂ ਵਿਚ ਹੀ ਭੰਨਿਆ ਅਤੇ ਭਰਾ ਦੀ ਚਿਤਾ ਨੂੰ ਅੱਗ ਦੇਣ ਮੌਕੇ ਵੀ ਬੱਝੀਆਂ ਹੱਥਕੜੀਆਂ ਵਿਚ ਦੋ ਪੁਲਿਸ ਮੁਲਾਜ਼ਮ ਨਾਲ ਹੀ ਇਹ ਰਸਮ ਨਿਭਾਉਂਦੇ ਵੇਖੇ ਗਏ।

ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤਰਾਮ ਨੇ ਦੱਸਿਆ ਕਿ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਇਹ ਪੋਸਟਮਾਰਟਮ ਕੀਤਾ ਗਿਆ ਹੈ। ਇਸ ਕਾਰਨ ਰਿਪੋਰਟ ਅਦਾਲਤ ਅੱਗੇ ਹੀ ਪੇਸ਼ ਕੀਤੀ ਜਾਵੇਗੀ। ਇਹ ਰਿਪੋਰਟ ਕਿਸੇ ਨਾਲ ਉਦੋਂ ਤਕ ਸਾਂਝੀ ਨਹੀਂ ਕੀਤੀ ਜਾ ਸਕਦੀ। ਜੈਪਾਲ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਜੈਪਾਲ ਦੀ ਮ੍ਰਿਤਕ ਦੇਹ ਦਾ ਬੁੱਧਵਾਰ ਦੁਪਹਿਰ ਸਮੇਂ ਫਿਰੋਜ਼ਪੁਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦੇਣਗੇ।

ਇਸ ਤੋਂ ਪਹਿਲਾਂ ਦੁਬਾਰਾ ਪੋਸਟ ਮਾਰਟਮ ਲਈ ਜੈਪਾਲ ਦੀ ਦੇਹ ਨੂੰ ਮੰਗਲਵਾਰ ਤਡ਼ਕੇ ਹੀ ਫਿਰੋਜ਼ਪੁਰ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ’ਚ ਚੰਡੀਗਡ਼੍ਹ ਲਿਆਂਦਾ ਗਿਆ। ਇਸ ਮੌਕੇ ਜੈਪਾਲ ਦੇ ਪਿਤਾ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ ਭੁਪਿੰਦਰ ਸਿੰਘ ਤੋਂ ਇਲਾਵਾ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੀ ਸਾਰਾ ਸਮਾਂ ਪੀਜੀਆਈ ਵਿਖੇ ਮੌਜੂਦ ਰਹੇ।