ਇਕ ਨਵਵਿਆਹੀ ਕੁੜੀ ਹੱਥਾਂ ਵਿਚ ਚੂੜਾ ਪਾ ਆਪਣੇ ਸਹੁਰੇ ਘਰ ਦਾ ਬੂਹਾ ਖੜਕਾ ਰਹੀ ਹੈ ਪਰ ਅੰਦਰੋਂ ਕੋਈ ਆ ਕੇ ਨਾ ਬੂਹਾ ਖੋਲਦਾ ਹੈ ਤੇ ਨਾ ਕੁਝ ਬੋਲਦਾ ਹੈ। ਕੁੜੀ ਦੀ ਮਾਂ ਅਤੇ ਛੋਟਾ ਭਰਾ ਘਰ ਦੇ ਬਾਹਰ ਬੈਠੇ ਹਨ ਪਰ ਕੋਈ ਸਾਰ ਨਹੀਂ ਲੈ ਰਿਹਾ। ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨਵਵਿਆਹੀ ਕੁੜੀ ਸਹੁਰੇ ਘਰ ਦੇ ਬਾਹਰ ਦਰਵਾਜ਼ਾ ਖੜਕਾ ਰਹੀ ਅਤੇ ਇਨਸਾਫ ਦੀ ਗੁਹਾਰ ਲਗਾ ਰਹੀ ਹੈ।
ਦਰਅਸਲ ਇਸ ਕੁੜੀ ਦਾ ਦੋਸ਼ ਹੈ ਕਿ ਉਸ ਦੇ ਵਿਆਹ ਨੂੰ ਢਾਈ ਮਹੀਨੇ ਹੋਏ ਹਨ ਤੇ ਵਿਆਹ ਤੋਂ 4 ਦਿਨ ਬਾਅਦ ਜਦ ਉਹ ਪੇਕੇ ਘਰ ਫੇਰਾ ਪਾਉਣ ਗਈ ਤਾਂ ਉਸ ਤੋਂ ਬਾਅਦ ਉਸ ਦਾ ਘਰਵਾਲਾ ਉਸ ਨੂੰ ਵਾਪਸ ਲੈਣ ਹੀ ਨਹੀਂ ਆਇਆ ਤੇ ਉਸ ਦੀ ਸੱਸ ਨੇ ਉਸ ਨੂੰ ਲਿਆਉਣ ਤੋਂ ਸਾਫ ਮਨ੍ਹਾਂ ਕਰ ਦਿੱਤਾ, ਜਿਸ ਤੋਂ ਬਾਅਦ ਪੀੜਤ ਕਈ ਵਾਰ ਆਪਣੀ ਮਾਂ ਨਾਲ ਇੱਥੇ ਆਈ ਤਾਂ ਜੋ ਬੈਠ ਕੇ ਗੱਲਬਾਤ ਕੀਤੀ ਜਾ ਸਕੇ ਪਰ ਕਿਸੇ ਨੇ ਬੂਹਾ ਨਹੀਂ ਖੋਲ੍ਹਿਆ।

ਕਾਨੂੰਨ ਦਾ ਸਹਾਰਾ ਲੈਂਦਿਆਂ ਪੀੜਤਾ ਅਮਨ ਨੇ ਜਲੰਧਰ ਅਤੇ ਚੰਡੀਗੜ੍ਹ ਤੱਕ ਸ਼ਿਕਾਇਤ ਦਰਜ ਕਰਵਾਈ ਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ। ਪੀੜਤਾ ਦਾ ਕਹਿਣਾ ਹੈ ਕਿ ਉਸ ਦਾ ਕੋਈ ਕਸੂਰ ਤੱਕ ਨਹੀਂ ਦੱਸਿਆ ਜਾ ਰਿਹਾ। ਉਨ੍ਹਾਂ ਦਾ ਦੋਸ਼ ਹੈ ਕਿ ਪਹਿਲਾਂ ਇੰਨਾ ਨੇ ਸਾਰੀਆਂ ਮੰਗਾਂ ਮਨਵਾ ਲਈਆਂ ਤੇ ਜਿਸ ਤਰ੍ਹਾਂ ਕਿਹਾ ਉਸ ਤਰ੍ਹਾਂ ਵਿਆਹ ਕੀਤਾ। ਤੇ ਉਸ ਤੋਂ ਬਾਅਦ ਉਸ ਨੂੰ ਘਰੋ ਬਾਹਰ ਕੱਢ ਦਿਤਾ।
ਲੜਕੀ ਮੁਤਾਬਕ ਉਸ ਤੋਂ ਬਾਅਦ ਪੰਚਾਇਤ ਵਿੱਚ ਇੱਕ ਰਾਜ਼ੀਨਾਮਾ ਲਿਖਵਾ ਉਸ ਤੋਂ ਸਾਇਨ ਕਰਵਾਏ ਗਏ। ਰਾਜ਼ੀਨਾਮੇ ਵਿੱਚ ਕੀ ਲਿਖਿਆਂ ਸੀ ਇਹ ਤੱਕ ਪਤਾ ਨਹੀਂ। ਉਧਰ ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜਵਾਈ ਆਪਣੀ ਮਾਂ ਪਿੱਛੇ ਲੱਗ ਕੇ ਬਿਨ੍ਹਾਂ ਵਜ੍ਹਾਂ ਤੋਂ ਇਹ ਸਭ ਕਰ ਰਿਹਾ ਹੈ। ਗੁਰੂ ਘਰ ਲਾਵਾਂ ਲੈ ਕੇ ਸਾਰਾ ਟੱਬਰ ਮੁਕਰ ਗਿਆ ਕਿ ਵਿਆਹ ਨਹੀਂ ਹੋਇਆ ਜਦ ਕਿ ਉਨ੍ਹਾਂ ਕੋਲ ਵਿਆਹ ਦਾ ਹਰ ਸਬੂਤ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਆਪਣੀ ਧੀ ਨੂੰ ਇਸੇ ਘਰ ਵਸਾ ਕੇ ਜਵਾਂਗੀ। ਦਸ ਦਈਏ ਕਿ ਪੀੜ੍ਹਤ ਕੁੜੀ ਦੇ ਪਿਓ ਦਾ ਦੇਹਾਂਤ 7 ਮਹੀਨੇ ਪਹਿਲਾਂ ਹੋਇਆ ਸੀ ਜਿਸ ਤੋਂ ਬਾਅਦ ਮਾਂ ਨੇ ਸਾਰੀ ਉਮਰ ਦੀ ਕਮਾਈ ਵਿਆਹ ਉਤੇ ਲਗਾ ਦਿੱਤੀ ਸੀ ਤੇ ਅੱਜ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਸ ਦੀ ਧੀ ਦਾ ਕਸੂਰ ਕੀ ਸੀ ਜਿਸ ਨੂੰ 4 ਦਿਨਾਂ ਬਾਅਦ ਪੇਕੇ ਤੌਰ ਦਿੱਤਾ।
ਉਧਰ, ਦੂਸਰੇ ਪਾਸੇ ਲੜਕੇ ਨੇ ਚਾਰ ਦਿਨ ਵਿੱਚ ਹੀ ਰਿਸ਼ਤੇ ਵਿੱਚ ਤੜੇੜਾ ਲਈ ਲੜਕੀ ਤੇ ਉਸ ਦੇ ਪਰਿਵਾਰ ਨੂੰ ਹੀ ਗਲਤ ਦੱਸਿਆ। ਲੜਕੇ ਵਰਿੰਦਰ ਮੁਤਾਬਕ ਲੜਕੀ ਨੇ ਵਿਆਹ ਇੱਕ ਸਾਜਿਸ ਤਹਿਤ ਕੀਤਾ ਤਾਕਿ ਉਸ ਦੇ ਐਨਆਰਆਈ ਮਾਂ ਪਿਉ ਤੋਂ ਪੈਸੇ ਹੇਂਠ ਸਕੇ। ਵਰਿੰਦਰ ਮੁਤਾਬਕ ਪਹਿਲੇ ਦਿਨ ਹੀ ਲੜਕੀ ਉਸ ਦੇ ਰਹਿਣ ਸਹਿਣ ਤੇ ਕੱਪੜੇ ਪਾਉਣ ਉਤੇ ਉਸ ਨੂੰ ਦੇਸੀ ਕਹਿਣ ਲੱਗ ਪਈ ਸੀ ਤੇ ਪੇਕੇ ਪਰਿਵਾਰ ਖੁਦ ਉਸ ਨੂੰ ਖੁਸ਼ੀ ਖੁਸ਼ੀ ਲੈ ਕੇ ਗਏ ਤੇ 21 ਤਾਰੀਖ਼ ਨੂੰ ਲੜਕੀ ਵੱਲੋਂ ਸ਼ਿਕਾਇਤ ਕਰਵਾ 25 ਲੱਖ ਲੈਣ ਲਈ ਉਹਨਾਂ ਤੋਂ ਜ਼ਬਰਦਸਤੀ ਰਾਜ਼ੀਨਾਮਾ ਕਰਵਾ ਲਿਆ।
ਲੜਕੀ ਵੱਲੋਂ ਸੁਹਰੇ ਘਰ ਦੇ ਬਾਹਰ ਬੈਠਣ ਤੋਂ ਬਾਅਦ ਪੁਲਿਸ ਵੀ ਮੌਕੇ ਉਤੇ ਪਹੁੰਚੀ ਤੇ ਜਾਂਚ ਦੀ ਗੱਲ ਕਹੀ। ਪੁਲਿਸ ਮੁਤਾਬਕ ਅਜੇ ਸਿਰਫ ਉਹਨਾਂ ਕੋਲੋਂ ਹੰਗਾਮੇ ਦੀ ਜਾਣਕਾਰੀ ਹੀ ਆਈ ਸੀ ਤੇ ਹੁਣ ਦੋਨੋਂ ਪੱਖ ਸੁਣਨ ਤੋਂ ਬਾਅਦ ਹੀ ਕਿਸੇ ਫ਼ੈਸਲੇ ਉਤੇ ਪਹੁੰਚਿਆ ਜਾ ਸਕਦਾ ਹੈ।