ਕਾਂਗਰਸ ਦੇ ਸੀਨੀਅਰ ਲੀਡਰ ਤੇ ਬਟਾਲਾ ਤੋਂ ਤਿੰਨ ਵਾਰ ਵਿਧਾਇਕ ਰਹੇ ਅਸ਼ਵਨੀ ਸੇਖੜੀ ਦੇ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ‘ਤੇ ਬ੍ਰੇਕ ਲੱਗ ਗਈ ਹੈ। ਅਸ਼ਵਨੀ ਸੇਖੜੀ ਦੀ ਅੱਜ ਤਬੀਅਤ ਖਰਾਬ ਹੋ ਗਈ ਜਿਸ ਮਗਰੋਂ ਉਹ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹੋ ਗਏ। ਉਨ੍ਹਾਂ ਨੂੰ ਛਾਤੀ ‘ਚ ਦਰਦ ਦੀ ਸ਼ਿਕਾਇਤ ਸੀ। ਇਸ ਮਗਰੋਂ ਉਨ੍ਹਾਂ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ।
ਦੱਸ ਦਈਏ ਕਿ ਸੇਖੜੀ ਦੇ ਅੱਜ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ। ਪਤਾ ਲੱਗਾ ਹੈ ਕਿ ਮੀਡੀਆ ਵਿੱਚ ਖਬਰਾਂ ਆਉਣ ਮਗਰੋਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੇਖੜੀ ਨੂੰ ਫੋਨ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਾਂਗਰਸੀ ਲੀਡਰਾਂ ਨੇ ਸੇਖੜੀ ਨੂੰ ਸਮਝਾ ਲਿਆ ਹੈ।
ਦਰਅਸਲ ਸੋਸ਼ਲ ਮੀਡੀਆ ਉੱਤੇ ਚਰਚਾ ਸੀ ਕਿ ਸੇਖੜੀ ਸੋਮਵਾਰ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ। ਇਸ ਚਰਚਾ ਦਾ ਅਸ਼ਵਨੀ ਸੇਖੜੀ ਵੱਲੋਂ ਕੋਈ ਖੰਡਨ ਨਹੀਂ ਕੀਤਾ ਗਿਆ ਸੀ। ਇਸ ਮਗਰੋਂ ਮੰਨਿਆ ਜਾ ਰਿਹਾ ਸੀ ਕਿ ਸੇਖੜੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਹਲਕੇ ’ਚ ਵੀ ਇਹ ਚਰਚਾ ਸੀ ਕਿ 28 ਜੂਨ ਨੂੰ ਅਸ਼ਵਨੀ ਸੇਖੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਣਗੇ।
ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਕਾਂਗਰਸ ਵਿੱਚ ਰਹਿਣਗੇ ਤੇ ਉਨ੍ਹਾਂ ਦੇ ਪਾਰਟੀ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।