ਪੰਜਾਬ ਕਾਂਗਰਸ ਵਿਚ ਚੱਲ ਰਹੇ ਕਲੇਸ਼ ਦਰਮਿਆਨ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਹਾਈਕਮਾਨ ਦਾ ਬੁਲਾਵਾ ਆ ਗਿਆ ਹੈ। ਨਵਜੋਤ ਸਿੱਧੂ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਸਿੱਧੂ ਨੂੰ ਕਾਂਗਰਸ ਹਾਈਕਮਾਨ ਦੇ ਬੁਲਾਵੇ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਹਲਚਲ ਪੈਦਾ ਹੋ ਗਈ ਹੈ ਅਤੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਦੀਆਂ ਨਜ਼ਰਾਂ ਨਵਜੋਤ ਸਿੱਧੂ ’ਤੇ ਆ ਕੇ ਟਿੱਕ ਗਈਆਂ ਹਨ। ਸਿਆਸੀ ਮਾਹਿਰਾਂ ਦਾ ਇਹ ਵੀ ਆਖਣਾ ਹੈ ਕਿ ਕਾਂਗਰਸ ਹਾਈਕਮਾਨ ਵਲੋਂ ਨਵਜੋਤ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।
ਫਿਲਹਾਲ ਨਵਜੋਤ ਸਿੱਧੂ ਪਟਿਆਲਾ ਵਿਚ ਡੇਰੇ ਲਗਾਈ ਬੈਠੇ ਹਨ ਅਤੇ ਸੰਭਵ ਹੈ ਕਿ ਕੱਲ੍ਹ ਸਿੱਧੂ ਦੀ ਹਾਈਕਮਾਨ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਕਾਂਗਰਸ ਦਾ ਕਲੇਸ਼ ਠੱਲ੍ਹ ਜਾਵੇਗਾ। ਇਕ ਪਾਸੇ ਜਿੱਥੇ ਨਵਜੋਤ ਸਿੱਧੂ ਪਹਿਲਾਂ ਹੀ ਸਾਫ ਕਰ ਚੁੱਕੇ ਹਨ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕੰਮ ਨਹੀਂ ਕਰਨਗੇ, ਉਥੇ ਹੀ ਮੁੱਖ ਮੰਤਰੀ ਨਵਜੋਤ ਸਿੱਧੂ ਨੂੰ ਪੰਜਾਬ ਦੀ ਪ੍ਰਧਾਨਗੀ ਸੌਂਪਣ ਦਾ ਖੁੱਲ੍ਹੇ ਤੌਰ ’ਤੇ ਵਿਰੋਧ ਕਰ ਚੁੱਕੇ ਹਨ।
ਨਵਜੋਤ ਸਿੱਧੂ ਵਲੋਂ ਜਿਸ ਤਰ੍ਹਾਂ ਖੁੱਲ੍ਹੇ ਆਮ ਕੈਪਟਨ ’ਤੇ ਹਮਲੇ ਬੋਲੇ ਜਾ ਰਹੇ ਸਨ ਤਾਂ ਇਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਇਥੋਂ ਤਕ ਵੀ ਆਖ ਦਿੱਤਾ ਸੀ ਕਿ ਹੁਣ ਨਵਜੋਤ ਸਿੱਧੂ ਲਈ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਗਏ ਹਨ। ਅਜਿਹੇ ਵਿਚ ਕਾਂਗਰਸ ਹਾਈਕਮਾਨ ਨਵਜੋਤ ਸਿੱਧੂ ਨੂੰ ਕਿੱਥੇ ਐਡਜਸਟ ਕਰਦੀ ਹੈ, ਇਹ ਦੇਖਣਾ ਦਿਲਚਸਪ ਹੋਵੇਗਾ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਦਿੱਲੀ ਹਾਈਕਮਾਨ ਦੇ ਦਰਬਾਰ ਪਹੁੰਚੇ ਸਨ, ਜਿੱਥੇ ਹਾਈਕਮਾਨ ਨੇ ਕੈਪਟਨ ਨੂੰ 18 ਨੁਕਤਿਆਂ ’ਤੇ ਆਧਾਰਤ ਏਜੰਡਾ ਦਿੱਤਾ ਸੀ। ਇਹੀ ਨਹੀਂ ਅਮਰਿੰਦਰ ਨੂੰ ਇਹ ਡੇਢ ਦਰਜਨ ਵਾਅਦੇ ਪੂਰੇ ਕਰਨ ਲਈ ਡੈੱਡਲਾਈਨ ਵੀ ਦਿੱਤੀ ਗਈ ਸੀ।