ਮਾਈਕ੍ਰੋਬਲੌਗਿੰਗ ਸਾਈਟ Twitter ਅਤੇ ਕੇਂਦਰ ਸਰਕਾਰ ਵਿਚਾਲੇ ਤਣਾਅ ਜਾਰੀ ਹੈ । ਇਸ ਵਿਚਾਲੇ ਟਵਿੱਟਰ ਨੇ ਆਪਣੀ ਵੈਬਸਾਈਟ ‘ਤੇ ਭਾਰਤ ਦਾ ਜੋ ਨਕਸ਼ਾ ਦਿਖਾਇਆ, ਉਸ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਸ਼ਾਮਿਲ ਨਹੀਂ ਕੀਤਾ। ਦੋਸ਼ ਇਹ ਹੈ ਕਿ ਟਵਿੱਟਰ ਨੇ ਆਪਣੀ ਵੈੱਬਸਾਈਟ ‘ਤੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੋ ਵੱਖਰੇ ਦੇਸ਼ਾਂ ਦੇ ਤੌਰ ‘ਤੇ ਦਿਖਾਇਆ ਹੈ । ਹਾਲਾਂਕਿ, ਟਵਿੱਟਰ ਨੇ ਇਹ ਗਲਤ ਨਕਸ਼ਾ ਹਟਾ ਲਿਆ ਹੈ, ਪਰ ਉਸਦੀ ਇਸ ਹਰਕਤ ਵਿਰੁੱਧ ਯੂਪੀ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਦਰਅਸਲ, ਯੂਪੀ ਦੇ ਬੁਲੰਦਸ਼ਹਿਰ ਵਿੱਚ ਇੱਕ ਨੇਤਾ ਦੀ ਸ਼ਿਕਾਇਤ ‘ਤੇ ਟਵਿੱਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ (MD) ਮਨੀਸ਼ ਮਾਹੇਸ਼ਵਰੀ ਖਿਲਾਫ਼ ਭਾਰਤ ਦਾ ਗਲਤ ਨਕਸ਼ਾ ਦਿਖਾਉਣ IPC ਦੀ ਧਾਰਾ 505 (2) ਅਤੇ IT (ਸੋਧ) ਐਕਟ 2008 ਦੀ ਧਾਰਾ 74 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਟਵਿੱਟਰ ਦੇ ਕਰੀਅਰ ਪੇਜ ‘ਤੇ Tweep Life ਸੈਕਸ਼ਨ ਵਿੱਚ ਵਿਸ਼ਵ ਮੈਪ ਹੈ, ਜਿੱਥੋਂ ਕੰਪਨੀ ਇਹ ਦਿਖਾਉਂਦੀ ਹੈ ਕਿ ਦੁਨੀਆ ਭਰ ਵਿੱਚ ਟਵਿੱਟਰ ਦੀਆਂ ਟੀਮਾਂ ਹਨ। ਇਸ ਨਕਸ਼ੇ ਵਿੱਚ ਭਾਰਤ ਵੀ ਹੈ, ਪਰ ਭਾਰਤ ਦਾ ਨਕਸ਼ਾ ਵਿਵਾਦਪੂਰਨ ਦਿਖਾਇਆ ਗਿਆ ਸੀ। ਇਸ ਨੂੰ ਬਾਅਦ ਵਿੱਚ ਠੀਕ ਕਰ ਲਿਆ ਗਿਆ ਪਰ ਉਦੋਂ ਤੱਕ ਬਵਾਲ ਮਚ ਚੁੱਕਿਆ ਸੀ।
ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਅਗਵਾਈ ਵਾਲੀ ਸੂਚਨਾ ਤਕਨਾਲੋਜੀ ਬਾਰੇ ਸੰਸਦੀ ਸਥਾਈ ਕਮੇਟੀ ਨੇ ਫੇਸਬੁੱਕ ਇੰਡੀਆ ਅਤੇ ਗੂਗਲ ਇੰਡੀਆ ਨੂੰ ਤਲਬ ਕੀਤਾ ਹੈ। ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਅਤੇ ਸੋਸ਼ਲ ਮੀਡੀਆ ਅਤੇ ਆਨਲਾਈਨ ਨਿਊਜ਼ ਮੀਡੀਆ ਪਲੇਟਫਾਰਮਾਂ ਦੀ ਦੁਰਵਰਤੋਂ ਦੇ ਮੁੱਦੇ ‘ਤੇ ਵਿਚਾਰ-ਵਟਾਂਦਰੇ ਲਈ ਬੈਠਕ ਬੁਲਾਈ ਗਈ ਹੈ। ਇਹ ਬੈਠਕ ਮੰਗਲਵਾਰ ਯਾਨੀ ਕਿ ਅੱਜ ਸ਼ਾਮ 4 ਵਜੇ ਹੋਵੇਗੀ ।