ਅੰਮ੍ਰਿਤਸਰ ਵਿਚ ਸਥਿਤ ਵੀ. ਆਰ. ਅੰਬਰਸਰ ਮਾਲ ਨੂੰ ਡੀ. ਸੀ. ਨੇ ਇਕ ਸ਼ਿਕਾਇਤ ਦੇ ਆਧਾਰ ’ਤੇ ਅੰਬਰਸਰ ਸ਼ਬਦ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਸਨ, ਜਿਨ੍ਹਾਂ ਨੂੰ ਮਾਲ ਦੇ ਸੰਚਾਲਕਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦਿੱਤੀ ਹੈ। ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਲੀਜ਼ਾ ਗਿੱਲ ਨੇ ਅੰਮ੍ਰਿਤਸਰ ਦੇ ਡੀ. ਸੀ. ਵੱਲੋਂ 23 ਅਪ੍ਰੈਲ ਨੂੰ ਜਾਰੀ ਕੀਤੇ ਉਕਤ ਹੁਕਮਾਂ ’ਤੇ ਰੋਕ ਲਾ ਦਿੱਤੀ ਹੈ।
ਹਾਈਕੋਰਟ ਨੇ ਸਰਕਾਰ ਦੇ ਮੁੱਖ ਸਕੱਤਰ, ਡੀ. ਸੀ. ਅੰਮ੍ਰਿਤਸਰ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਅਤੇ ਸ਼ਿਕਾਇਤ ਕਰਨ ਵਾਲੀ ਸੰਸਥਾ ‘ਜੈ ਪੰਜਾਬ ਵੈੱਲਫੇਅਰ ਸੁਸਾਇਟੀ’ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨਰ ਵੀ. ਆਰ. ਮੀਲ ਵੱਲੋਂ ਕੋਰਟ ਵਿਚ ਪੇਸ਼ ਹੋਏ ਸੀਨੀਅਰ ਵਕੀਲ ਚੇਤਨ ਮਿੱਤਲ ਨੇ ਕੋਰਟ ਨੂੰ ਦੱਸਿਆ ਕਿ ਅੰਮ੍ਰਿਤਸਰ ਦੇ ਵੀ. ਆਰ. ਮਾਲ ਅੰਬਰਸਰ ਵੱਲੋਂ ਅੰਮ੍ਰਿਤਸਰ ਦੇ ਪੁਰਾਣੇ ਨਾਮ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਅੰਬਰਸਰ ਸ਼ਬਦ ਦਾ ਇਸਤੇਮਾਲ ਹੋਰ ਕਈ ਜਗ੍ਹਾ ਵੀ ਹੋ ਰਿਹਾ ਹੈ, ਜੋ ਕਿ ਕਿਸੇ ਵੀ ਤਰ੍ਹਾਂ ਕਾਨੂੰਨ ਦੀ ਉਲੰਘਣਾ ਨਹੀਂ ਹੈ।
ਅਦਾਲਤ ਨੇ ਪਟੀਸ਼ਨਰ ਧਿਰ ਨੂੰ ਸੁਣਨ ਤੋਂ ਬਾਅਦ ਡੀ. ਸੀ. ਅੰਮ੍ਰਿਤਸਰ ਵੱਲੋਂ ਜਾਰੀ ਉਨ੍ਹਾਂ ਹੁਕਮਾਂ ’ਤੇ ਅਗਲੀ ਸੁਣਵਾਈ ਤੱਕ ਰੋਕ ਲਗਾ ਦਿੱਤੀ ਹੈ, ਜਿਸ ਵਿਚ ਅੰਬਰਸਰ ਸ਼ਬਦ ਹਟਾਉਣ ਨੂੰ ਕਿਹਾ ਗਿਆ ਸੀ, ਨਾਲ ਹੀ ਸਾਰੇ ਪ੍ਰਤੀਵਾਦੀਆਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਮਾਮਲੇ ਦੀ ਸੁਣਵਾਈ ਹੁਣ 3 ਅਕਤੂਬਰ ਨੂੰ ਹੋਵੇਗੀ।