ਕਾਂਗਰਸ ਦੀ ਪੰਜਾਬ ਇਕਾਈ ਵਿੱਚ ਚੱਲ ਰਹੇ ਵਿਵਾਦ ਦੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਏਆਈਸੀਸੀ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ। ਅਮਰਿੰਦਰ ਨੇ ਕੁਝ ਦਿਨ ਪਹਿਲਾਂ ਸੋਨੀਆ ਤੋਂ ਸਮਾਂ ਮੰਗਿਆ ਸੀ, ਜਦੋਂ ਉਹ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲੀਕਰਜੁਨ ਖੜਗੇ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਕਮੇਟੀ ਵਿੱਚ ਪੇਸ਼ ਹੋਣ ਲਈ ਨਵੀਂ ਦਿੱਲੀ ਗਏ ਸੀ।
ਸੋਨੀਆ ਗਾਂਧੀ ਨੇ ਅਮਰਿੰਦਰ ਸਿੰਘ ਨੂੰ ਮੰਗਲਵਾਰ ਸ਼ਾਮ ਮੀਟਿੰਗ ਲਈ ਬੁਲਾਇਆ ਹੈ। ਸੂਤਰਾਂ ਨੇ ਦੱਸਿਆ ਕਿ ਅਮਰਿੰਦਰ ਮੰਗਲਵਾਰ ਸਵੇਰੇ ਦਿੱਲੀ ਲਈ ਰਵਾਨਾ ਹੋਣਗੇ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਰਾਹੁਲ ਗਾਂਧੀ ਇਸ ਬੈਠਕ ਦਾ ਹਿੱਸਾ ਹੋਣਗੇ ਜਾਂ ਨਹੀਂ। ਇਹ ਮੁਲਾਕਾਤ ਅਹਿਮ ਹੈ ਕਿਉਂਕਿ ਕਾਂਗਰਸ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ, ਸੰਗਠਨ ਜਾਂ ਸੂਬਾ ਸਰਕਾਰ ਵਿੱਚ ਸ਼ਾਮਲ ਕਰਨ ਦੇ ਤਰੀਕਿਆਂ ਦੀ ਭਾਲ ਕਰ ਰਹੀ ਹੈ।
ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ਵਿੱਚ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਸੀ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਪੰਜਾਬ ਕਾਂਗਰਸ ਵਿਚ ਹੰਗਾਮਾ ਹੋ ਰਿਹਾ ਹੈ ਅਤੇ ਪਾਰਟੀ ਹਾਈ ਕਮਾਂਡ ਇਸ ਕਲੇਸ਼ ਨੂੰ ਦਬਾਉਣ ਵਿਚ ਲੱਗੀ ਹੋਈ ਹੈ। ਸੋਨੀਆ ਨਾਲ ਅਮਰਿੰਦਰ ਦੀ ਮੁਲਾਕਾਤ ਵਿਵਾਦ ਨੂੰ ਸੁਲਝਾਉਣ ਲਈ ਇੱਕ ਮਹੱਤਵਪੂਰਨ ਕਦਮ ਵਜੋਂ ਵੇਖੀ ਜਾ ਰਹੀ ਹੈ।