ਪੰਜਾਬ

ਪੰਜਾਬ ‘ਚ ਤਪਦੀ ਗਰਮੀ ਤੋਂ ਮਿਲੇਗੀ ਰਾਹਤ, ਮੌਨਸੂਨ ਜਲਦ ਦਏਗਾ ਦਸਤਕ…

ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਅਗਲੇ ਹਫਤੇ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਦੱਖਣ-ਪੱਛਮੀ ਮੌਨਸੂਨ 10 ਜੁਲਾਈ ਤੱਕ ਦਿੱਲੀ ਸਣੇ ਉੱਤਰ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਪਹੁੰਚ ਸਕਦਾ ਹੈ। ਖਾਸ ਗੱਲ ਇਹ ਹੈ ਕਿ ਉੱਤਰੀ ਖਿੱਤੇ ’ਚ ਇਸ ਵਾਰ ਮੌਨਸੂਨ ਪਿਛਲੇ 15 ਸਾਲਾਂ ਵਿੱਚ ਸਭ ਤੋਂ ਦੇਰੀ ਨਾਲ ਪਹੁੰਚ ਰਿਹਾ ਹੈ।

ਮੌਸਮ ਵਿਭਾਗ ਅਨੁਸਾਰ ਦੱਖਣ-ਪੱਛਮੀ ਮੌਨਸੂਨ ਦੇ 8 ਜੁਲਾਈ ਤੋਂ ਪੱਛਮੀ ਤੱਟ ਤੇ ਇਸ ਨਾਲ ਲੱਗਦੇ ਪੂਰਬੀ-ਮੱਧ ਭਾਰਤ ਸਣੇ ਦੱਖਣੀ ਦੀਪ ਵਿਚ ਹੌਲੀ-ਹੌਲੀ ਮੁੜ ਸਰਗਰਮ ਹੋਣ ਦਾ ਅਨੁਮਾਨ ਹੈ। ਵਿਭਾਗ ਨੇ ਦੱਸਿਆ ਕਿ 11 ਜੁਲਾਈ ਦੇ ਆਸਪਾਸ ਉੱਤਰੀ ਆਂਧਰਾ ਪ੍ਰਦੇਸ਼-ਦੱਖਣੀ ਉੜੀਸਾ ਤੱਟਾਂ ਨਾਲ ਲੱਗਦੇ ਪੱਛਮੀ-ਮੱਧ ਤੇ ਉਸ ਨਾਲ ਲੱਗਦੇ ਉੱਤਰ-ਪੱਛਮੀ ਬੰਗਾਲ ਦੀ ਖਾੜੀ ’ਤੇ ਘੱਟ ਦਬਾਅ ਦਾ ਇੱਕ ਖੇਤਰ ਬਣਨ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਹੈ ਕਿ ਦੱਖਣੀ-ਪੱਛਮੀ ਮੌਨਸੂਨ ਦੇ ਪੱਛਮੀ ਉੱਤਰ ਪ੍ਰਦੇਸ਼ ਦੇ ਬਾਕੀ ਹਿੱਸਿਆਂ, ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਦੇ ਕੁਝ ਹੋਰ ਹਿੱਸਿਆਂ ਵਿਚ 10 ਜੁਲਾਈ ਦੇ ਆਸਪਾਸ ਅੱਗੇ ਵਧਣ ਦੀ ਸੰਭਾਵਨਾ ਹੈ। ਇਸ ਨਾਲ 10 ਜੁਲਾਈ ਤੋਂ ਉੱਤਰ-ਪੱਛਮੀ ਤੇ ਮੱਧ ਭਾਰਤ ਵਿਚ ਮੀਂਹ ਲਈ ਸਥਿਤੀਆਂ ਸਾਜ਼ਗਾਰ ਬਣਨ ਦੀਆਂ ਸੰਭਾਵਨਾਵਾਂ ਹਨ।

ਦੱਸ ਦਈਏ ਕਿ ਜੂਨ ਦੇ ਪਹਿਲੇ ਢਾਈ ਹਫ਼ਤਿਆਂ ਵਿਚ ਚੰਗਾ ਮੀਂਹ ਪੈਣ ਤੋਂ ਬਾਅਦ ਦੱਖਣ-ਪੱਛਮੀ ਮੌਨਸੂਨ 19 ਜੂਨ ਤੋਂ ਬਾਅਦ ਅੱਗੇ ਨਹੀਂ ਵਧਿਆ। ਦਿੱਲੀ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ, ਪੰਜਾਬ, ਪੱਛਮੀ ਰਾਜਸਥਾਨ ਵਿੱਚ ਮੌਨਸੂਨ ਆਉਣਾ ਬਾਕੀ ਹੈ। ਭਾਰਤੀ ਮੌਸਮ ਵਿਭਾਗ ਨੇ ਜੁਲਾਈ ਲਈ ਆਪਣੀ ਪੇਸ਼ੀਨਗੋਈ ਵਿਚ ਕਿਹਾ ਹੈ ਕਿ ਇਸ ਮਹੀਨੇ ਪੂਰੇ ਦੇਸ਼ ਵਿਚ ਚੰਗਾ ਮੀਂਹ ਪਵੇਗਾ। ਹਾਲਾਂਕਿ, ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ, ਦੱਖਣੀ ਦੀਪ ਦੇ ਕੁਝ ਹਿੱਸਿਆਂ, ਮੱਧ, ਪੂਰਬ ਤੇ ਪੂਰਬੀ-ਉੱਤਰ ਭਾਰਤ ਵਿੱਚ ਆਮ ਨਾਲੋਂ ਘੱਟ ਮੀਂਹ ਪੈ ਸਕਦਾ ਹੈ। 

Leave a Comment

Your email address will not be published.

You may also like

Skip to toolbar