ਜਰਮਨ ਸਰਕਾਰ ਨੇ ਕੋਰੋਨਾ ਦੇ ਡੈਲਟਾ ਵੇਰੀਐਂਟ ਤੋਂ ਪ੍ਰਭਾਵਿਤ ਹੋਏ ਭਾਰਤ, ਬ੍ਰਿਟੇਨ ਤੇ ਪੁਰਤਗਾਲ ਸਮੇਤ ਕਈ ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਜਰਮਨੀ ਦੀ ਸਿਹਤ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਏਜੰਸੀ ਰਾਬਰਟ ਕੋਚ ਇੰਸਟੀਚਿਊਟ (RKI) ਨੇ ਕਿਹਾ ਕਿ ਭਾਰਤ, ਬ੍ਰਿਟੇਨ ਤੋਂ ਇਲਾਵਾ ਤਿੰਨ ਹੋਰ ਦੇਸ਼ਾਂ ਦੇ ਨਾਗਰਿਕਾਂ ‘ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ।
ਇੰਸਟੀਚਿਊਟ ਨੇ ਕਿਹਾ ਕਿ ਨੇਪਾਲ, ਰੂਸ ਨੂੰ ਵੀ ਪਾਬੰਦੀਆਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ। ਇਨ੍ਹਾਂ ਨੂੰ ਵਾਇਰਲ ਵੇਰੀਐਂਟ ਕੰਟਰੀਜ਼ ਦੀ ਥਾਂ ਵੱਧ ਮਾਮਲੇ ਵਾਲੇ ਦੇਸ਼ਾਂ ਦੀ ਸੂਚੀ ‘ਚ ਰੱਖਿਆ ਜਾਵੇਗਾ। ਯੂਰਪੀਅਨ ਯੂਨੀਅਨ ਦੇ ਬਹੁਤੇ ਦੇਸ਼ਾਂ ‘ਚ ਭਾਰਤੀਆਂ ਦੀ ਯਾਤਰਾ ਉੱਤੇ ਪਹਿਲਾਂ ਪਾਬੰਦੀ ਸੀ, ਜਿਸ ਨੂੰ ਹੁਣ ਹਟਾਇਆ ਜਾ ਰਿਹਾ ਹੈ।
ਪਾਬੰਦੀ ਨੂੰ ਹਟਾਉਣ ਨਾਲ ਇਹ ਅਸਰ ਹੋਵੇਗਾ ਕਿ ਜਰਨਮੀ ਦੇ ਵਾਸੀ ਜਾਂ ਨਾਗਰਿਕ ਨਾ ਹੋਣ ‘ਤੇ ਵੀ ਇਨ੍ਹਾਂ ਦੇਸ਼ਾਂ ਦੀ ਯਾਤਰਾ ਕੀਤੀ ਜਾ ਸਕੇਗੀ। ਹਾਲਾਂਕਿ ਉਨ੍ਹਾਂ ਨੂੰ ਕੁਆਰੰਟੀਨ ਤੇ ਟੈਸਟਿੰਗ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਜਰਮਨੀ ਨੇ ਇਸ ਤੋਂ ਪਹਿਲਾਂ ਵਾਇਰਸ ਵੇਰੀਐਂਟ ਕੰਟਰੀ ਦੀ ਪਾਲਿਸੀ ਅਪਣਾਈ ਸੀ, ਜਿਸ ਤਹਿਤ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਪ੍ਰਭਾਵਿਤ ਇਨ੍ਹਾਂ ਦੇਸ਼ਾਂ ਦੇ ਯਾਤਰੀਆਂ ਦੇ ਜਰਮਨੀ ‘ਚ ਦਾਖਲ ਹੋਣ ‘ਤੇ ਪਾਬੰਦੀ ਸੀ।
ਜਰਮਨ ਦੇ ਸਿਹਤ ਮੰਤਰੀ ਜੇਨਸ ਪੈਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਡੈਲਟਾ ਵੇਰੀਐਂਟ ਦੇਸ਼ ‘ਚ ਤੇਜ਼ੀ ਨਾਲ ਸਰਗਰਮ ਹੋ ਰਿਹਾ ਹੈ। ਇਸ ਲਈ ਇਸ ਰੂਪ ਨਾਲ ਵੱਧ ਪ੍ਰਭਾਵਿਤ ਦੇਸ਼ਾਂ ਦੇ ਯਾਤਰੀਆਂ ‘ਤੇ ਪਾਬੰਦੀ ਹਟਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਟੀਕੇ ਡੈਲਟਾ ਵੇਰੀਐਂਟ ਵਿਰੁੱਧ ਪ੍ਰਭਾਵਸ਼ਾਲੀ ਪਾਏ ਗਏ ਹਨ। ਇਸ ਲਈ ਅਸੀਂ ਪਾਬੰਦੀ ਹਟਾਉਣ ਦਾ ਫੈਸਲਾ ਕਰ ਰਹੇ ਹਾਂ।