ਪੰਜਾਬ ਵਿੱਚ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਪਠਾਨਕੋਟ ਵਿੱਚ ਗ੍ਰਨੇਡ ਹਮਲੇ ਮਗਰੋਂ ਕੇਂਦਰੀ ਏਜੰਸੀ ਆਈਬੀ ਨੇ ਅਲਰਟ ਜਾਰੀ ਕੀਤਾ ਹੈ। ਕੇਂਦਰੀ ਏਜੰਸੀ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਪੰਜਾਬ ‘ਚ ਵੱਡੇ ਅਤਿਵਾਦੀ ਹਮਲੇ ਦੀ ਯੋਜਨਾ ਬਣਾ ਰਹੀ ਹੈ। ਏਜੰਸੀ ਨੇ ਚੌਕਸ ਕੀਤਾ ਹੈ ਕਿ ਖ਼ਾਸ ਕਰਕੇ ਆਰਐਸਐਸ ਦੀਆਂ ਸ਼ਾਖਾਵਾਂ ਤੇ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਹ ਅਲਰਟ ਆਈਬੀ ਵੱਲੋਂ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਸੂਬੇ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਪਿਛਲੇ ਦਿਨਾਂ ਦੀ ਗਤੀਵਿਧੀਆਂ ਨੂੰ ਵੇਖਦਿਆਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਮੂਹ ਅਧਿਕਾਰੀਆਂ ਨੂੰ ਗਸ਼ਤ ਵਧਾਉਣ, ਇੱਕ ਤਿਹਾਈ ਅਧਿਕਾਰੀਆਂ ਨੂੰ ਰਾਤ ਦੀ ਗਸ਼ਤ ਕਰਨ ਦੇ ਹੁਕਮ ਦਿੱਤੇ ਹਨ। ਹਾਲ ਹੀ ‘ਚ 21 ਨਵੰਬਰ ਨੂੰ ਦੇਰ ਰਾਤ ਮੋਟਰਸਾਈਕਲ ਸਵਾਰਾਂ ਨੇ ਪਠਾਨਕੋਟ ‘ਚ ਫੌਜੀ ਕੈਂਪ ਨੇੜੇ ਗ੍ਰਨੇਡ ਨਾਲ ਹਮਲਾ ਕਰ ਦਿੱਤਾ ਸੀ। ਉਂਜ ਇਸ ‘ਚ ਕੋਈ ਜ਼ਖ਼ਮੀ ਨਹੀਂ ਹੋਇਆ ਸੀ। ਇਸ ਪਿੱਛੇ ਆਈਐਸਆਈ ਦਾ ਹੱਥ ਹੋਣ ਦਾ ਸ਼ੱਕ ਹੈ। 15 ਅਗਸਤ ਤੋਂ ਹੁਣ ਤਕ 25 ਤੋਂ ਵੱਧ ਡਰੋਨ ਭਾਰਤੀ ਖੇਤਰ ‘ਚ ਦਾਖ਼ਲ ਹੋ ਚੁੱਕੇ ਹਨ। ਹਥਿਆਰ, ਹੈਰੋਇਨ ਤੇ ਟਿਫਿਨ ਬੰਬ ਭੇਜੇ ਜਾ ਰਹੇ ਹਨ। 11 ਟਿਫਿਨ ਬੰਬ ਬਰਾਮਦ ਹੋ ਚੁੱਕੇ ਹਨ।